ਮਹਾਸ਼ਿਵਰਾਤਰੀ ’ਤੇ ਕਾਸ਼ੀ ’ਚ ਲੋਕਾਂ ਦਾ ਹੜ੍ਹ; 11 ਲੱਖ ਸ਼ਰਧਾਲੂਆਂ ਨੇ ਕੀਤੇ ਦਰਸ਼ਨ

Wednesday, Feb 26, 2025 - 11:37 PM (IST)

ਮਹਾਸ਼ਿਵਰਾਤਰੀ ’ਤੇ ਕਾਸ਼ੀ ’ਚ ਲੋਕਾਂ ਦਾ ਹੜ੍ਹ; 11 ਲੱਖ ਸ਼ਰਧਾਲੂਆਂ ਨੇ ਕੀਤੇ ਦਰਸ਼ਨ

ਕਾਸ਼ੀ, (ਏਜੰਸੀਆਂ)- ਮਹਾਸ਼ਿਵਰਾਤਰੀ ਮੌਕੇ ਸ਼ਿਵ ਦੀ ਨਗਰੀ ਕਾਸ਼ੀ ਵਿਚ ਮਹਾਕੁੰਭ ਵਰਗਾ ਦ੍ਰਿਸ਼ ਦੇਖਣ ਨੂੰ ਮਿਲਿਆ। ਹੱਥਾਂ ਵਿਚ ਗਦਾ-ਤ੍ਰਿਸ਼ੂਲ ਅਤੇ ਸਰੀਰ ’ਤੇ ਸੁਆਹ ਸਮੇਤ ਫੁੱਲਾਂ ਤੇ ਹਾਰਾਂ ਨਾਲ ਲੱਦੇ ਨਾਗਾ ਸਾਧੂਆਂ ਨੇ ਸੰਤਾਂ ਦੇ ਨਾਲ ਬਾਬਾ ਵਿਸ਼ਵਨਾਥ ਦੇ ਦਰਸ਼ਨ ਕੀਤੇ। ਸੱਤ ਸ਼ੈਵ ਅਖਾੜਿਆਂ ਦੇ ਲੱਗਭਗ 10 ਹਜ਼ਾਰ ਤੋਂ ਵੱਧ ਨਾਗਾ ਸਾਧੂਆਂ ਨੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਬਾਬਾ ਦਾ ਮੰਦਰ ਸਵੇਰੇ 2.15 ਵਜੇ ਮੰਗਲਾ ਆਰਤੀ ਲਈ ਖੁੱਲ੍ਹਿਆ। ਬਾਬਾ ਦਾ ਲਾੜੇ ਵਾਂਗ ਸ਼ਿੰਗਾਰ ਹੋਇਆ ਅਤੇ ਆਮ ਲੋਕ ਦਰਸ਼ਨ ਤੇ ਪੂਜਾ ਕਰਨ ਲੱਗ ਪਏ। ਬੁੱਧਵਾਰ ਦੀ ਸ਼ਾਮ 8 ਵਜੇ ਵੀ ਵਿਸ਼ਵਨਾਥ ਧਾਮ ਪਹੁੰਚਣ ਵਾਲਿਆਂ ਦੀ ਗਿਣਤੀ 11 ਲੱਖ ਟਪ ਗਈ ਸੀ।

PunjabKesari

ਮੰਗਲਾ ਆਰਤੀ ਤੋਂ ਤੁਰੰਤ ਬਾਅਦ ਗੇਟ ਨੰਬਰ 4 ਤੋਂ ਸ਼ਿਵਾਲਾ ਤੱਕ ਪੁਲਸ ਫੋਰਸ ਸੜਕ ’ਤੇ ਉਤਰ ਆਈ ਅਤੇ ਅਖਾੜਿਆਂ ਦੀ ਪੇਸ਼ਕਾਰੀ ਲਈ ਪੂਰੀ ਸੜਕ ਖਾਲੀ ਕਰਵਾਉਣੀ ਸ਼ੁਰੂ ਕਰ ਦਿੱਤੀ। ਮਿੱਥੇ ਸਮੇਂ ’ਤੇ ਸਵੇਰੇ 6 ਵਜੇ ਅਖਾੜਿਆਂ ਦਾ ਜਲੂਸ ਆਉਣਾ ਸ਼ੁਰੂ ਹੋਇਆ ਤਾਂ ਮਾਹੌਲ ਆਸਥਾ ਅਤੇ ਭਗਤੀ ਨਾਲ ਭਰ ਗਿਆ। ਜੂਨਾ ਅਖਾੜੇ ਦੇ ਸਾਧੂ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ ਦੇ ਨਾਲ ਮੰਦਰ ਪਹੁੰਚੇ। ਨਿਰੰਜਨੀ ਅਖਾੜੇ ਦੇ ਆਚਾਰੀਆ ਕੈਲਾਸ਼ਾਨੰਦ ਗਿਰੀ ਵੀ ਰੱਥ ’ਤੇ ਸਵਾਰ ਹੋ ਕੇ ਮੰਦਰ ਆਏ। ਦੁਪਹਿਰ ਤੱਕ ਅਖਾੜਿਆਂ ਦੇ ਸਾਧੂ-ਸੰਤਾਂ ਦੇ ਦਰਸ਼ਨ ਜਾਰੀ ਰਹੇ। ਇਸ ਦੌਰਾਨ ਗੇਟ ਨੰਬਰ 4 ਤੋਂ ਆਮ ਲੋਕਾਂ ਦਾ ਦਾਖਲਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇੱਥੇ ਲੋਕਾਂ ਨੂੰ ਬਾਬਾ ਦੇ ਦਰਸ਼ਨਾਂ ਲਈ 9 ਤੋਂ 10 ਘੰਟੇ ਉਡੀਕ ਕਰਨੀ ਪਈ।

PunjabKesari

ਲਗਾਤਾਰ 46 ਘੰਟੇ ਦਰਸ਼ਨ

ਅੱਧੀ ਰਾਤ ਤੋਂ ਹੀ ਮੰਦਰ ਦੇ ਬਾਹਰ 3 ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਮਹਾਸ਼ਿਵਰਾਤਰੀ ਮੌਕੇ ਬਾਬਾ ਵੀਰਵਾਰ ਨੂੰ ਦੇਰ ਰਾਤ 1 ਵਜੇ ਤੱਕ ਭਾਵ ਲਗਾਤਾਰ 46 ਘੰਟੇ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਕਾਸ਼ੀ ਦੇ ਪ੍ਰਬੰਧਾਂ ’ਤੇ ਲਗਾਤਾਰ ਨਜ਼ਰ ਰੱਖੀ। ਵਾਰਾਣਸੀ ਦੇ ਕਮਿਸ਼ਨਰ ਕੌਸ਼ਲ ਰਾਜ ਸ਼ਰਮਾ ਵੀ ਮੰਗਲਾ ਆਰਤੀ ਦੌਰਾਨ ਵਿਸ਼ਵਨਾਥ ਮੰਦਰ ਕੈਂਪਸ ਵਿਚ ਮੌਜੂਦ ਸਨ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਪਹੁੰਚੀ ਅਤੇ ਮੰਗਲਾ ਆਰਤੀ ਵਿਚ ਹਿੱਸਾ ਲਿਆ।

PunjabKesari

ਮਹਾਕੁੰਭ ਦੇ ਉਲਟ ਪ੍ਰਵਾਹ ਕਾਰਨ ਕਾਸ਼ੀ ’ਚ ਹੜ੍ਹ

ਪ੍ਰਯਾਗਰਾਜ ਵਿਚ ਮਹਾਕੁੰਭ ​​ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਕਾਸ਼ੀ ਵਿਚ ਸ਼ਰਧਾਲੂਆਂ ਦਾ ਉਲਟ ਪ੍ਰਵਾਹ ਦੇਖਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਕਾਸ਼ੀ ਵਿਚ ਵੀ ਸ਼ਰਧਾਲੂਆਂ ਦਾ ਇਕ ਨਵਾਂ ਰਿਕਾਰਡ ਬਣ ਰਿਹਾ ਹੈ। ਮੰਦਰ ਦੇ ਚਾਰੇ ਦਰਵਾਜ਼ਿਆਂ ’ਤੇ ਮੰਗਲਾ ਆਰਤੀ ਤੋਂ ਬਾਅਦ ਹੀ ਮੰਦਰ ਬੰਦ ਹੋਣ ਤੱਕ ਲਾਈਨਾਂ ਲੱਗੀਆਂ ਰਹੀਆਂ। ਵੱਡੀ ਗਿਣਤੀ ਵਿਚ ਸ਼ਰਧਾਲੂ ਬਾਹਰ ਅਗਲੇ ਦਿਨ ਮੰਦਰ ਖੁੱਲ੍ਹਣ ਦੀ ਉਡੀਕ ਵਿਚ ਬੈਠੇ ਰਹੇ। ਖਬਰ ਮੁਤਾਬਕ ਵੱਡੀ ਗਿਣਤੀ ’ਚ ਸ਼ਰਧਾਲੂ ਬਿਨਾਂ ਦਰਸ਼ਨ ਕੀਤੇ ਵੀ ਵਾਪਸ ਮੁੜ ਰਹੇ ਹਨ। ਪੁਖਤਾ ਸੁਰੱਖਿਆ ਯਕੀਨੀ ਬਣਾਉਣ ਲਈ ਪੀ. ਏ. ਸੀ. ਪੁਲਸ ਦੇ ਨਾਲ ਹੀ ਅਰਧ ਸੈਨਿਕ ਬਲ ਅਤੇ ਏ. ਟੀ. ਐੱਸ. ਕਮਾਂਡੋਜ਼ ਨੂੰ ਵੀ ਤਾਇਨਾਤ ਕੀਤਾ ਗਿਆ ਹੈ।


author

Rakesh

Content Editor

Related News