Mahashivratri 2021: ਜਾਣੋ ਕਿਉਂ ਮਨਾਇਆ ਜਾਂਦਾ ਹੈ ਭਗਵਾਨ ਸ਼ੰਕਰ ਜੀ ਦਾ ਪਿਆਰਾ ਦਿਨ ‘ਮਹਾਸ਼ਿਵਰਾਤਰੀ’

Thursday, Mar 11, 2021 - 09:02 AM (IST)

ਮਹਾਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ੰਕਰ ਜੀ ਦਾ ਪਿਆਰਾ ਅਤੇ ਸਰਬੋਤਮ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਾਰੇ ਸ਼ਿਵਲਿੰਗਾਂ ’ਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ’ਤੇ ਸ਼ਿਵ ਮੰਦਿਰਾਂ ’ਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਸ਼ਿਵਰਾਤਰੀ ਮੌਕੇ ਨਿਰਜਲ ਰਹਿ ਕੇ ਵਰਤ ਰੱਖਦਾ ਹੈ, ਸ਼ਿਵ ਦੀ ਪੂਜਾ ਕਰਦਾ ਹੈ, ਰਾਤ ਭਰ ਜਾਗ ਕੇ ਸਤਿਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।

ਭਗਵਾਨ ਸ਼ਿਵ ਬੜੇ ਦਿਆਲੂ ਹਨ। ਭੋਲੇ ਨਾਥ ਹਨ। ਛੂਤ-ਛਾਤ ਦੀ ਉਨ੍ਹਾਂ ਦੀਆਂ ਨਜ਼ਰਾਂ ’ਚ ਕੋਈ ਥਾਂ ਨਹੀਂ ਹੈ। ਸ਼ਿਵਰਾਤਰੀ ਦਾ ਤਿਉਹਾਰ ਦੇਸ਼ ਭਰ ’ਚ ਸ਼ਰਧਾ-ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਕਾਸ਼ੀ, ਬੈਦਨਾਥ ਧਾਮ, ਉਜੈਨ ਆਦਿ ਥਾਵਾਂ ’ਤੇ ਬੜੀ ਸ਼ਰਧਾ-ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ਼ਿਵ ਭਗਤਾਂ ਲਈ ਤਾਂ ਇਸ ਦਿਨ ਦੇ ਮਹੱਤਵ ਦੀ ਕੋਈ ਹੱਦ ਨਹੀਂ। ਸ਼ਿਵਰਾਤਰੀ ਦਾ ਇਹ ਦਿਹਾੜਾ ਪ੍ਰਾਣੀਆਂ ’ਤੇ ਦਇਆ ਭਾਵ ਰੱਖਣ ਦੇ ਸਿਧਾਂਤਾਂ ਨੂੰ ਸਮਝਣ ਲਈ ਬੜੇ ਮਹੱਤਵ ਦਾ ਦਿਨ ਹੈ। 

ਪੜ੍ਹੋ ਇਹ ਵੀ ਖ਼ਬਰ - Mahashivratri 2021: ਮਹਾਸ਼ਿਵਰਾਤਰੀ ’ਤੇ ਜ਼ਰੂਰ ਕਰੋ ਇਹ ਉਪਾਅ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ

PunjabKesari

ਇਸ ਸਬੰਧੀ ਕਥਾ ਹੇਠ ਅਨੁਸਾਰ ਹੈ :
ਪ੍ਰਤਯੰਤ ਦੇਸ਼ ਦਾ ਇਕ ਸ਼ਿਕਾਰੀ ਜੀਵਾਂ ਨੂੰ ਮਾਰ ਕੇ ਜਾਂ ਜ਼ਿੰਦਾ ਫੜ ਕੇ ਵੇਚ ਕੇ ਆਪਣਾ ਕਾਰੋਬਾਰ ਚਲਾਉਂਦਾ ਸੀ। ਇਸ ਸ਼ਿਕਾਰੀ ਨੇ ਸ਼ਾਹੂਕਾਰ ਦਾ ਕਰਜ਼ਾ ਦੇਣਾ ਸੀ। ਕਰਜ਼ੇ ਦੀ ਮਾਰ ਕਾਰਨ ਸ਼ਾਹੂਕਾਰ ਨੇ ਸ਼ਿਕਾਰੀ ਨੂੰ ਸ਼ਿਕਾਰ ਕਰਨ ਲਈ ਇਕ ਅਜਿਹੀ ਥਾਂ ਜਾਣ ਲਈ ਮਜਬੂਰ ਕਰ ਦਿੱਤਾ ਸੀ, ਜਿਥੇ ਇਕ ਤਲਾਬ ਦੇ ਕਿਨਾਰੇ ਬੇਲ ਦੇ ਦਰੱਖ਼ਤ ਦੇ ਹੇਠਾਂ ਸ਼ਿਵਲਿੰਗ ਨੇੜੇ ਬੈਠ ਕੇ ਹਿਰਨ ਆਰਾਮ ਕਰਦੇ ਸਨ, ਉੱਥੇ ਦਰੱਖਤ ’ਤੇ ਬੈਠ ਕੇ ਸ਼ਿਕਾਰੀ ਸ਼ਿਕਾਰ ਦਾ ਇੰਤਜ਼ਾਰ ਕਰਨ ਲੱਗਾ।

ਇੰਨੇ ਨੂੰ ਉਥੇ ਇਕ ਹਿਰਨੀ ਆਈ, ਜਿਹੜੀ ਕਿ ਗਰਭਵਤੀ ਸੀ। ਉਸ ਨੂੰ ਦੇਖ ਕੇ ਸ਼ਿਕਾਰੀ ਨੇ ਆਪਣੇ ਧਨੁਸ਼ ’ਤੇ ਤੀਰ ਚੜ੍ਹਾਇਆ ਹੀ ਸੀ ਕਿ ਹਿਰਨੀ ਨੇ ਕਿਹਾ ਕਿ ਮੈਂ ਗਰਭਵਤੀ ਹਾਂ ਅਤੇ ਬੱਚਿਆਂ ਨੂੰ ਜਨਮ ਦੇਣ ਦਾ ਸਮਾਂ ਨਜ਼ਦੀਕ ਹੈ। ਜੇਕਰ ਤੁਸੀਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਮੇਰਾ ਸ਼ਿਕਾਰ ਕਰ ਲਵੋ ਤਾਂ ਕਿੰਨਾ ਚੰਗਾ ਹੋਵੇ। ਇਹ ਸੁਣ ਕੇ ਸ਼ਿਕਾਰੀ ਮੰਨ ਗਿਆ ਅਤੇ ਹਿਰਨੀ ਚਲੀ ਗਈ। ਕੁਝ ਸਮੇਂ ਬਾਅਦ ਉਥੇ ਦੂਜੀ ਹਿਰਨੀ ਆਈ, ਜਿਸ ਦਾ ਕਿ ਅਜੇ ਤਕ ਆਪਣੇ ਪਤੀ ਨਾਲ ਸੰਗ ਨਹੀਂ ਸੀ ਹੋਇਆ। ਸ਼ਿਕਾਰੀ ਨੂੰ ਤੀਰ ਚੜ੍ਹਾਉਂਦਾ ਦੇਖ ਕੇ ਉਹ ਬੋਲੀ ਕਿ ਜੇਕਰ ਹੁਣ ਮੇਰੀ ਮੌਤ ਹੋ ਗਈ ਤਾਂ ਮੈਂ ਅਗਲੇ ਜਨਮ ’ਚ ਕਾਮੁਕ ਸੁਭਾਅ ਵਾਲੀ ਬਣਾਂਗੀ, ਕਿਉਂਕਿ ਅਜੇ ਮੇਰੀ ਕਾਮ ਤ੍ਰਿਸ਼ਨਾ ਬਾਕੀ ਹੈ। ਜੇਕਰ ਤੁਸੀਂ ਮੈਨੂੰ ਹੁਣ ਜਾਣ ਦਿਓ ਤਾਂ ਮੈਂ ਆਪਣੇ ਪਤੀ ਦਾ ਸੰਗ ਕਰ ਕੇ ਤ੍ਰਿਸ਼ਨਾ ਪੂਰੀ ਕਰ ਕੇ ਆ ਜਾਵਾਂ, ਫਿਰ ਮੇਰਾ ਸ਼ਿਕਾਰ ਕਰ ਲੈਣਾ। ਸ਼ਿਕਾਰੀ ਨੇ ਉਸ ਨੂੰ ਵੀ ਜਾਣ ਦਿੱਤਾ।

ਥੋੜ੍ਹੇ ਸਮੇਂ ਬਾਅਦ ਤੀਜੀ ਹਿਰਨੀ ਉਥੇ ਆਈ ਅਤੇ ਸ਼ਿਕਾਰੀ ਨੂੰ ਦੇਖ ਕੇ ਉਸ ਨੇ ਵੀ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਮੇਰੇ ਬੱਚੇ ਹਨ। ਜੇਕਰ ਹੁਣੇ ਤੁਸੀਂ ਮੈਨੂੰ ਮਾਰ ਦਿੱਤਾ ਤਾਂ ਇਹ ਬੇਸਹਾਰਾ ਹੋ ਜਾਣਗੇ, ਮੈਂ ਇਨ੍ਹਾਂ ਨੂੰ ਆਪਣੇ ਪਤੀ ਕੋਲ ਛੱਡ ਆਵਾਂ ਅਤੇ ਵਾਪਸ ਆਉਣ ’ਤੇ ਤੁਸੀਂ ਮੇਰਾ ਸ਼ਿਕਾਰ ਕਰ ਲੈਣਾ। ਸ਼ਿਕਾਰੀ ਨੇ ਉਸ ਨੂੰ ਵੀ ਛੱਡ ਦਿੱਤਾ। ਕੁਝ ਸਮੇਂ ਬਾਅਦ ਉਥੇ ਇਕ ਹਿਰਨ ਆਇਆ। ਸ਼ਿਕਾਰੀ ਨੂੰ ਦੇਖ ਕੇ ਉਹ ਬੋਲਿਆ ਕਿ ਜੇਕਰ ਤੁਸੀਂ ਮੇਰੇ ਤੋਂ ਪਹਿਲਾਂ ਵਾਲੀਆਂ ਤਿੰਨ ਹਿਰਨੀਆਂ ਨੂੰ ਮਾਰ ਦਿੱਤਾ ਹੈ ਤਾਂ ਮੈਨੂੰ ਵੀ ਮਾਰ ਦਿਓ, ਕਿਉਂਕਿ ਉਨ੍ਹਾਂ ਤੋਂ ਬਿਨਾਂ ਮੇਰਾ ਜੀਵਨ ਬੇਕਾਰ ਹੈ। ਜੇਕਰ ਤੁਸੀਂ ਉਨ੍ਹਾਂ ਨੂੰ ਨਹੀਂ ਮਾਰਿਆ ਤਾਂ ਮੈਨੂੰ ਵੀ ਛੱਡ ਦਿਓ, ਮੈਂ ਜਾ ਕੇ ਉਨ੍ਹਾਂ ਨੂੰ ਮਿਲ ਆਵਾਂ। ਉਹ ਸਭ ਮੇਰਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ। ਜੇਕਰ ਤੁਸੀਂ ਹੁਣੇ ਮੈਨੂੰ ਮਾਰ ਦਿੱਤਾ ਤਾਂ ਉਨ੍ਹਾਂ ਦੀ ਪ੍ਰਤਿੱਗਿਆ ਪੂਰੀ ਨਹੀਂ ਹੋਵੇਗੀ, ਇਸ ਤਰ੍ਹਾਂ ਮੈਂ ਜਾ ਕੇ ਉਨ੍ਹਾਂ ਸਭਨਾਂ ਨੂੰ ਨਾਲ ਲੈ ਆਵਾਂਗਾ। ਫਿਰ ਤੁਸੀਂ ਸਾਨੂੰ ਸਭ ਨੂੰ ਹੀ ਮਾਰ ਦੇਣਾ, ਸ਼ਿਕਾਰੀ ਨੇ ਉਸ ਨੂੰ ਵੀ ਛੱਡ ਦਿੱਤਾ।

PunjabKesari

ਸ਼ਿਕਾਰੀ ਦੇ ਇਸ ਵਿਵਹਾਰ ਦਾ ਕਾਰਣ ਇਹ ਸੀ ਕਿ ਸੇਠ ਦਾ ਕਰਜ਼ਾ ਨਾ ਚੁਕਾ ਸਕਣ ਕਾਰਨ ਉਸ ਨੂੰ ਇਕ ਰਾਤ ਸ਼ਿਵ ਮੰਦਰ ’ਚ ਬੰਦ ਕਰ ਦਿੱਤਾ ਗਿਆ। ਉਹ ਰਾਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੇ ਤੇਰਸ ਦੀ ਸੀ। ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਹੋ ਰਹੀ ਸੀ। ਰਾਤ ਭਰ ਜਾਗਣ ਕਾਰਨ ਉਸ ਨੂੰ ਸ਼ਿਵ ਪੂਜਾ ਦਾ ਫਲ ਪ੍ਰਾਪਤ ਹੋਇਆ ਅਤੇ ਅਗਲੇ ਦਿਨ ਸੇਠ ਦੇ ਹੁਕਮ ਨਾਲ ਕਰਜ਼ਾ ਚੁਕਾਉਣ ਲਈ ਸ਼ਿਕਾਰੀ ਇਸ ਥਾਂ ’ਤੇ ਆਇਆ।

ਇਤਫਾਕ ਦੀ ਗੱਲ ਸੀ ਕਿ ਜਿਸ ਦਰੱਖ਼ਤ ’ਤੇ ਸ਼ਿਕਾਰੀ ਬੈਠਾ ਸੀ, ਉਹ ਦਰੱਖ਼ਤ ਬੇਲ ਦਾ ਸੀ ਅਤੇ ਉਸ ਦੇ ਹੇਠਾਂ ਸ਼ਿਵਲਿੰਗ ਬਣਿਆ ਹੋਇਆ ਸੀ। ਦਰੱਖਤ ’ਤੇ ਬੈਠਣ ਲਈ ਜਗ੍ਹਾ ਬਣਾਉਂਦੇ ਹੋਏ ਜੋ ਪੱਤੇ ਹੇਠਾਂ ਡਿੱਗੇ, ਉਨ੍ਹਾਂ ਨਾਲ ਸ਼ਿਵਲਿੰਗ ਢਕਿਆ ਗਿਆ ਸੀ, ਜਿਸ ’ਤੇ ਭੁੱਖੇ ਰਹਿਣ ਕਾਰਨ ਉਸ ਦਾ ਵਰਤ ਵੀ ਹੋ ਗਿਆ। ਇਨ੍ਹਾਂ ਤਿੰਨਾਂ ਫਲਾਂ ਦੇ ਪ੍ਰਾਪਤ ਹੋ ਜਾਣ ਕਾਰਨ ਉਸ ਦੀ ਅੰਤਰ-ਆਤਮਾ ਪਵਿੱਤਰ ਹੋ ਗਈ ਸੀ। ਉਸ ਦੇ ਮਨ ’ਚ ਪ੍ਰੇਮ ਭਾਵ ਅਤੇ ਦਇਆ ਭਾਵ ਪੈਦਾ ਹੋ ਗਿਆ ਸੀ। ਉਸਦੇ ਅੰਦਰ ਦਇਆ ਤੇ ਪ੍ਰੇਮ ਭਾਵ ਦੀ ਜੋਤੀ ਪ੍ਰਚੰਡ ਹੋ ਚੁੱਕੀ ਸੀ।

ਇਹ ਜੋਤੀ ਇੰਨੀ ਪ੍ਰਚੰਡ ਸੀ ਕਿ ਜਦੋਂ ਹਿਰਨ ਹਿਰਨੀਆਂ ਸਮੇਤ ਉਥੇ ਆਇਆ ਤਾਂ ਸ਼ਿਕਾਰੀ ਨੇ ਕਿਸੇ ਦਾ ਵੀ ਸ਼ਿਕਾਰ ਨਾ ਕੀਤਾ। ਮਹਾਸ਼ਿਵਰਾਤਰੀ ਦੀ ਪੂਜਾ ਅਤੇ ਵਰਤ ਦਾ ਪੁੰਨ ਮਿਲਣ ਕਾਰਨ ਭਗਵਾਨ ਸ਼ਿਕਾਰੀ ’ਤੇ ਅਤਿਅੰਤ ਪ੍ਰਸੰਨ ਹੋ ਗਏ ਸਨ ਅਤੇ ਹੁਣ ਉਸ ਦੇ ਦਇਆ ਭਾਵ ’ਤੇ ਭਗਵਾਨ ਸ਼ਿਵ ਗਦਗਦ ਹੋ ਉੱਠੇ ਅਤੇ ਸ਼ਿਕਾਰੀ ਨੂੰ ਆਪਣੇ ਧਾਮ ਦਾ ਸੁੱਖ ਪ੍ਰਦਾਨ ਕੀਤਾ ਅਤੇ ਇਸ ਦੇ ਨਾਲ ਹੀ ਵਚਨ ਪਾਲਕ ਹਿਰਨ ਪਰਿਵਾਰ ਨੂੰ ਵੀ ਸ਼ਿਵ ਲੋਕ ਦੀ ਪ੍ਰਾਪਤੀ ਹੋਈ।

ਸੱਤ ਪ੍ਰਕਾਸ਼ ਸਿੰਗਲਾ

PunjabKesari


rajwinder kaur

Content Editor

Related News