ਪੁੱਤ ਨੇ ਪੇਸ਼ ਕੀਤੀ ਅਨੋਖੀ ਮਿਸਾਲ, ਮੁੜ ਕਰਵਾਇਆ ਆਪਣੀ ਵਿਧਵਾ ਮਾਂ ਦਾ ਵਿਆਹ
Monday, Jan 23, 2023 - 06:07 PM (IST)

ਮੁੰਬਈ (ਭਾਸ਼ਾ)- ਮਹਾਰਾਸ਼ਟਰ 'ਚ ਕਈ ਸੁਧਾਰਵਾਦੀਆਂ ਦੀ ਧਰਤੀ ਕੋਲਹਾਪੁਰ ਦੇ ਇਕ ਨੌਜਵਾਨ ਨੇ ਸਮਾਜਿਕ ਕਲੰਕ ਅਤੇ ਜੀਵਨ ਸਾਥੀ ਦੀ ਲੋੜ ਨਾਲ ਲੜਨ ਲਈ ਆਪਣੀ 45 ਸਾਲਾ ਵਿਧਵਾ ਮਾਂ ਦਾ ਦੁਬਾਰਾ ਵਿਆਹ ਕਰਵਾਇਆ। ਯੁਵਰਾਜ ਸ਼ੇਲੇ (23) ਨੇ 5 ਸਾਲ ਪਹਿਲਾਂ ਇਕ ਸੜਕ ਹਾਦਸੇ 'ਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਸ਼ੇਲੇ ਨੇ ਦੱਸਿਆ,“ਜਦੋਂ ਮੈਂ 18 ਸਾਲ ਦਾ ਸੀ, ਉਦੋਂ ਆਪਣੇ ਪਿਤਾ ਨੂੰ ਗੁਆਉਣਾ ਮੇਰੇ ਲਈ ਵੱਡਾ ਸਦਮਾ ਸੀ ਪਰ ਮੇਰੇ ਪਿਤਾ ਦੀ ਮੌਤ ਦਾ ਸਭ ਤੋਂ ਜ਼ਿਆਦਾ ਅਸਰ ਮੇਰੀ ਮਾਂ 'ਤੇ ਪਿਆ, ਜਿਨ੍ਹਾਂ ਨੂੰ ਇਕੱਲੇਪਣ ਨਾਲ ਜੂਝਣਾ ਪਿਆ ਅਤੇ ਸਮਾਜਿਕ ਰੂਪ ਨਾਲ ਖ਼ੁਦ ਨੂੰ ਵੱਖਰਾ ਮਹਿਸੂਸ ਕਰਨਾ ਪਿਆ।'' ਸ਼ੇਲੇ ਨੇ ਮਹਿਸੂਸ ਕੀਤਾ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ, ਉਸ ਦੀ ਮਾਂ ਨੂੰ ਸਮਾਜਿਕ ਸਮਾਗਮਾਂ 'ਚ ਬੁਲਾਏ ਜਾਣ ਦੀ ਗਿਣਤੀ 'ਚ ਕਾਫ਼ੀ ਅੰਤਰ ਆ ਗਿਆ ਅਤੇ ਇਸ ਨੇ ਉਨ੍ਹਾਂ ਨੂੰ ਮਨੋਵਿਗਿਆਨਕ ਤੌਰ 'ਤੇ ਪ੍ਰਭਾਵਿਤ ਕੀਤਾ। ਜਿਵੇਂ ਹੀ ਸ਼ੈਲੇ ਨੇ ਆਪਣੇ ਪਰਿਵਾਰ ਦਾ ਸਮਰਥਨ ਕਰਨਾ ਸ਼ੁਰੂ ਕੀਤਾ, ਉਸ ਨੂੰ ਆਪਣੀ ਮਾਂ ਲਈ ਜੀਵਨ ਸਾਥੀ ਦੀ ਲੋੜ ਦਾ ਅਹਿਸਾਸ ਹੋਇਆ ਕਿਉਂਕਿ ਉਹ ਘੱਟ ਹੀ ਗੁਆਂਢੀਆਂ ਨਾਲ ਗੱਲਬਾਤ ਕਰਦੀ ਸੀ ਅਤੇ ਘਰ ਵਿੱਚ ਇਕੱਲੀ ਰਹਿੰਦੀ ਸੀ। ਸ਼ੈਲੇ ਨੇ ਕਿਹਾ,''ਮੇਰੀ ਮਾਂ ਨੇ ਕਰੀਬ 25 ਸਾਲ ਪਹਿਲਾਂ ਮੇਰੇ ਪਿਤਾ ਨਾਲ ਵਿਆਹ ਕੀਤਾ ਸੀ। ਜੇ ਕੋਈ ਆਦਮੀ ਆਪਣੀ ਪਤਨੀ ਨੂੰ ਗੁਆ ਦਿੰਦਾ ਹੈ, ਤਾਂ ਸਮਾਜ ਸੋਚਦਾ ਹੈ ਕਿ ਉਸ ਲਈ ਦੁਬਾਰਾ ਵਿਆਹ ਕਰਨਾ ਕੁਦਰਤੀ ਹੈ। ਮੈਂ ਹੈਰਾਨ ਸੀ ਕਿ ਇਹੀ ਗੱਲ ਇਕ ਔਰਤ 'ਤੇ ਲਾਗੂ ਕਿਉਂ ਨਹੀਂ ਹੋਈ ਅਤੇ ਉਨ੍ਹਾਂ ਨੂੰ ਦੁਬਾਰਾ ਵਿਆਹ ਕਰਨ ਲਈ ਮਨਾਉਣ ਦਾ ਫ਼ੈਸਲਾ ਕੀਤਾ। ਸ਼ੈਲੇ ਨੇ ਕਿਹਾ ਕਿ ਪਰੰਪਰਾਗਤ ਕਦਰਾਂ-ਕੀਮਤਾਂ ਵਾਲੇ ਕੋਲਹਾਪੁਰ ਵਰਗੇ ਸ਼ਹਿਰ 'ਚ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਮਨਾਉਣਾ ਆਸਾਨ ਨਹੀਂ ਸੀ।
ਹਾਲਾਂਕਿ, ਸ਼ੈਲੇ ਨੇ ਕੁਝ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ, ਆਪਣੀ ਮਾਂ ਲਈ ਵਰ ਲੱਭਣ ਦਾ ਔਖਾ ਕੰਮ ਸ਼ੁਰੂ ਕੀਤਾ। ਸ਼ੈਲੇ ਨੇ ਕਿਹਾ,“ਖੁਸ਼ਕਿਸਮਤੀ ਨਾਲ, ਸਾਨੂੰ ਕੁਝ ਸੰਪਰਕਾਂ ਰਾਹੀਂ ਮਾਰੂਤੀ ਘਨਵਤ ਬਾਰੇ ਪਤਾ ਲੱਗਾ। ਅਸੀਂ ਵਿਆਹ ਦੇ ਪ੍ਰਸਤਾਵ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਨਾਲ ਸ਼ੁਰੂਆਤੀ ਗੱਲਬਾਤ ਤੋਂ ਬਾਅਦ ਰਿਸ਼ਤਾ ਤੈਅ ਹੋ ਗਿਆ। ਇਹ ਮੇਰੇ ਲਈ ਅਜੇ ਵੀ ਇਕ ਖਾਸ ਦਿਨ ਹੈ, ਕਿਉਂਕਿ ਮੈਂ ਆਪਣੀ ਮਾਂ ਲਈ ਇਕ ਨਵਾਂ ਜੀਵਨ ਸਾਥੀ ਲੱਭਣ ਦੇ ਸਕਿਆ।" ਘਨਵਤ ਨੇ ਕਿਹਾ,“ਮੈਂ ਕੁਝ ਸਾਲਾਂ ਤੋਂ ਇਕੱਲਾ ਜੀਵਨ ਜੀ ਰਿਹਾ ਸੀ। ਰਤਨਾ ਨੂੰ ਮਿਲਣ ਅਤੇ ਗੱਲ ਕਰਨ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਇਸ ਪਰਿਵਾਰ ਨਾਲ ਰਹਿ ਸਕਦਾ ਹਾਂ ਅਤੇ ਉਹ ਸੱਚੇ ਲੋਕ ਹਨ। ਰਤਨਾ ਲਈ ਪੁਨਰ-ਵਿਆਹ ਇਕ ਮੁਸ਼ਕਲ ਫ਼ੈਸਲਾ ਸੀ, ਕਿਉਂਕਿ ਉਹ ਆਪਣੇ ਸਾਬਕਾ ਪਤੀ ਨੂੰ ਭੁੱਲਣ ਲਈ ਤਿਆਰ ਨਹੀਂ ਸੀ। ਰਤਨਾ ਨੇ ਕਿਹਾ,''ਮੈਂ ਸ਼ੁਰੂ ਵਿਚ ਪੁਨਰ ਵਿਆਹ ਦਾ ਪੂਰਾ ਵਿਰੋਧ ਕੀਤਾ ਸੀ। ਮੈਂ ਆਪਣੇ ਪਤੀ ਨੂੰ ਭੁੱਲਣ ਲਈ ਬਿਲਕੁਲ ਤਿਆਰ ਨਹੀਂ ਸੀ ਪਰ ਇਸ ਮੁੱਦੇ ਬਾਰੇ ਗੱਲ ਕਰਨ ਤੋਂ ਬਾਅਦ, ਮੈਨੂੰ ਯਕੀਨ ਹੋ ਗਿਆ ਮੈਂ ਆਪਣੇ ਆਪ ਨੂੰ ਇਹ ਵੀ ਪੁੱਛਿਆ ਕਿ ਕੀ ਮੈਂ ਸੱਚਮੁੱਚ ਆਪਣੀ ਬਾਕੀ ਦੀ ਜ਼ਿੰਦਗੀ ਲਈ ਸਿੰਗਲ ਰਹਿਣਾ ਚਾਹੁੰਦੀ ਹਾਂ।" 2 ਹਫ਼ਤੇ ਪਹਿਲਾਂ ਰਤਨਾ ਦਾ ਵਿਆਹ ਹੋਇਆ ਹੈ।