ਯਮਨ ''ਚ ਬੰਧਕ ਬਣਾਇਆ ਗਿਆ ਮਹਾਰਾਸ਼ਟਰ ਦਾ ਮਲਾਹ ਪਰਤਿਆ ਘਰ, PM ਮੋਦੀ ਦਾ ਕੀਤਾ ਧੰਨਵਾਦ

04/30/2022 3:44:29 PM

ਠਾਣੇ (ਭਾਸ਼ਾ)- ਯਮਨ 'ਚ ਹੂਤੀ ਵਿਦਰੋਹੀਆਂ ਵਲੋਂ ਇਸ ਸਾਲ ਜਨਵਰੀ 'ਚ ਬੰਧਕ ਬਣਾਏ ਗਏ 7 ਭਾਰਤੀਆਂ 'ਚ ਸ਼ਾਮਲ ਮਹਾਰਾਸ਼ਟਰ 'ਚ ਠਾਣੇ ਜ਼ਿਲ੍ਹੇ ਦੇ ਕਲਿਆਣ ਦਾ ਰਹਿਣ ਵਾਲਾ ਇਕ ਮਲਾਹ ਆਪਣੀ ਰਿਹਾਈ ਤੋਂ ਬਾਅਦ ਘਰ ਪਰਤ ਆਇਆ ਹੈ। ਦੁਬਈ ਦੀ ਇਕ ਨੌਵਹਿਨ ਕੰਪਨੀ 'ਚ ਕੰਮ ਕਰਨ ਵਾਲਾ ਮੁਹੰਮਦ ਮੁਨਵਰ ਸਮੀਰ (22) ਲਗਭਗ 4 ਮਹੀਨੇ ਦੀ ਕੋਸ਼ਿਸ਼ ਤੋਂ ਬਾਅਦ ਵੀਰਵਾਰ ਨੂੰ ਕਲਿਆਣ ਦੇ ਗੋਵਿੰਦਵਾੜੀ ਇਲਾਕੇ 'ਚ ਆਪਣੇ ਘਰ ਪੁੱਜਿਆ। ਯਮਨ ਦੀ ਰਾਜਧਾਨੀ ਸਨਾ 'ਚ ਪਿਛਲੇ ਐਤਵਾਰ ਨੂੰ ਹੂਤੀ ਵਿਦਰੋਹੀਆਂ ਨੇ 7 ਭਾਰਤੀਆਂ ਸਮੇਤ 14 ਵਿਦੇਸ਼ੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਸੀ। 2 ਜਨਵਰੀ ਨੂੰ ਹੂਤੀ ਵਿਦਰੋਹੀਆਂ ਨੇ ਯਮੁਨ ਦੇ ਹੁਦੈਦਾ ਸੂਬੇ 'ਚ ਸੰਯੁਕਤ ਅਰਬ ਅਮੀਰਾਤ ਦੇ ਝੰਡੇ ਵਾਲੇ ਰਵਾਬੀ ਨਾਮੀ ਮਾਲਵਾਹਕ ਜਹਾਜ਼ ਨੂੰ ਜ਼ਬਤ ਕਰ ਲਿਆ ਸੀ। ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਮੀਰ ਨੇ ਕਿਹਾ,''7 ਭਾਰਤੀ 2 ਜਨਵਰੀ ਨੂੰ ਹੂਤੀਆਂ ਵਲੋਂ ਬੰਦੀ ਬਣਾਏ ਗਏ 14 ਵਿਦੇਸ਼ੀ ਨਾਗਰਿਕਾਂ 'ਚ ਸ਼ਾਮਲ ਸਨ। ਕੈਦ ਦੌਰਾਨ ਮੈਨੂੰ ਬਹੁਤ ਬਹੁਤ ਪਰੇਸ਼ਾਨੀਆਂ 'ਚੋਂ ਲੰਘਣਾ ਪਿਆ।''

PunjabKesari

ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਦੌਰਾਨ ਹੂਤੀਆਂ ਨੇ ਉਸ ਨੂੰ ਜਾਂ ਉਸ ਦੇ ਸਹਿਯੋਗੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਸਮੀਰ ਨੇ ਰਿਹਾਈ ਦੀ ਕੋਸ਼ਿਸ਼ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ,''ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ, ਮੈਨੂੰ 6 ਹੋਰ ਲੋਕਾਂ ਨਾਲ ਰਿਹਾਅ ਕਰ ਦਿੱਤਾ ਗਿਆ ਅਤੇ ਮੈਂ ਵੀਰਵਾਰ ਨੂੰ ਘਰ ਪਰਤ ਆਇਆ।'' ਸਮੀਰ ਆਪਣੀ ਮਾਂ ਅਤੇ ਭੈਣ ਨਾਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦੀ ਈਦ ਉਸ ਲਈ ਬਹੁਤ ਖ਼ਾਸ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਭਾਰਤ ਪਿਛਲੇ ਕੁਝ ਮਹੀਨਿਆਂ 'ਚ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੀ ਰਿਹਾਈ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਅਤੇ ਉਹ ਮਲਾਹਾਂ ਦੀ ਸੁਰੱਖਿਆ ਅਤੇ ਭਲਾਈ ਯਕੀਨੀ ਕਰਨ ਲਈ ਵੱਖ-ਵੱਖ ਪੱਖਾਂ ਦੇ ਸੰਪਰਕ 'ਚ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਭਾਰਤੀ ਵਫ਼ਦ ਨੇ ਵੀ  ਇਸ ਮੁੱਦੇ ਨੂੰ ਉਠਾਇਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News