ਸ਼ਿਵ ਸੈਨਾ ’ਚ 56 ਸਾਲਾਂ ’ਚ ਚੌਥੀ ਵਾਰ ਬਗਾਵਤ

Thursday, Jun 23, 2022 - 12:11 PM (IST)

ਸ਼ਿਵ ਸੈਨਾ ’ਚ 56 ਸਾਲਾਂ ’ਚ ਚੌਥੀ ਵਾਰ ਬਗਾਵਤ

ਮੁੰਬਈ– ਲੀਡਰਸ਼ਿਪ ਪ੍ਰਤੀ ਵਚਨਬੱਧ ਕਾਡਰਾਂ ਦੀ ਪਾਰਟੀ ਹੋਣ ਦੇ ਬਾਵਜੂਦ ਸ਼ਿਵ ਸੈਨਾ ਅਹੁਦੇਦਾਰਾਂ ਵੱਲੋਂ ਬਗਾਵਤ ਨੂੰ ਲੈ ਕੇ ਸੁਰੱਖਿਅਤ ਨਹੀਂ ਰਹੀ ਅਤੇ ਪਾਰਟੀ ਨੇ 4 ਮੌਕਿਆਂ ’ਤੇ ਆਪਣੇ ਮੁੱਖ ਅਹੁਦੇਦਾਰਾਂ ਵੱਲੋਂ ਬਗਾਵਤ ਦਾ ਸਾਹਮਣਾ ਕੀਤਾ ਹੈ। ਇਨ੍ਹਾਂ ਬਗਾਵਤਾਂ ’ਚੋਂ 3 ਸ਼ਿਵ ਸੈਨਾ ਦੇ ‘ਕ੍ਰਿਸ਼ਮਾਈ ਬਾਨੀ’ ਬਾਲ ਠਾਕਰੇ ਦੇ ਸਮੇਂ ਹੋਈਆਂ ਹਨ।
ਏਕਨਾਥ ਸ਼ਿੰਦੇ ਪਾਰਟੀ ’ਚ ਬਗਾਵਤ ਕਰਨ ਵਾਲੇ ਨਵੇਂ ਨੇਤਾ ਹਨ। ਸ਼ਿਵ ਸੈਨਾ ਦੇ ਵਿਧਾਇਕਾਂ ਦੇ ਇਕ ਸਮੂਹ ਨਾਲ ਬਗਾਵਤ ਕਰਨ ਵਾਲੇ ਕੈਬਨਿਟ ਮੰਤਰੀ ਸ਼ਿੰਦੇ ਦੀ ਇਹ ਬਗਾਵਤ ਪਾਰਟੀ ਸੰਗਠਨ ਦੇ 56 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਮਹਾਰਾਸ਼ਟਰ ’ਚ ਪਾਰਟੀ ਦੀ ਅਗਵਾਈ ਵਾਲੀ ਮਹਾ ਵਿਕਾਸ ਅਗਾੜੀ (ਐੱਮ. ਵੀ. ਏ.) ਦੀ ਸਰਕਾਰ ਡਿੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਛਗਨ ਭੁਜਬਲ (1991)
ਸਾਲ 1991 ’ਚ ਸ਼ਿਵ ਸੈਨਾ ਨੂੰ ਪਹਿਲਾ ਵੱਡਾ ਝਟਕਾ ਉਦੋਂ ਲੱਗਾ, ਜਦੋਂ ਪਾਰਟੀ ਦੇ ਹੋਰ ਪਛੜੇ ਵਰਗ (ਓ. ਬੀ. ਸੀ.) ਚਿਹਰਾ ਰਹੇ ਛਗਨ ਭੁਜਬਲ ਨੇ ਪਾਰਟੀ ਛੱਡਣ ਦਾ ਫੈਸਲਾ ਕੀਤਾ।

ਭੁਜਬਲ ਨੂੰ ਮਹਾਰਾਸ਼ਟਰ ਦੇ ਦਿਹਾਤੀ ਖੇਤਰਾਂ ’ਚ ਸੰਗਠਨ ਦਾ ਆਧਾਰ ਵਧਾਉਣ ਦਾ ਸਿਹਰਾ ਵੀ ਜਾਂਦਾ ਹੈ। ਭੁਜਬਲ ਨੇ ਪਾਰਟੀ ਲੀਡਰਸ਼ਿਪ ਵੱਲੋਂ ‘ਪ੍ਰਸ਼ੰਸਾ ਨਾ ਕੀਤੇ ਜਾਣ’ ਨੂੰ ਪਾਰਟੀ ਛੱਡਣ ਦਾ ਕਾਰਨ ਦੱਸਿਆ ਸੀ।

ਨਾਰਾਇਣ ਰਾਣੇ (2005)
ਸਾਲ 2005 ਵਿਚ ਸ਼ਿਵ ਸੈਨਾ ਨੂੰ ਇਕ ਹੋਰ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਨੇ ਪਾਰਟੀ ਛੱਡ ਦਿੱਤੀ ਸੀ ਤੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਰਾਣੇ ਨੇ ਬਾਅਦ ਕਾਂਗਰਸ ਛੱਡ ਦਿੱਤੀ ਅਤੇ ਮੌਜੂਦਾ ’ਚ ਭਾਜਪਾ ਦੇ ਰਾਜ ਸਭਾ ਮੈਂਬਰ ਹਨ ਅਤੇ ਕੇਂਦਰੀ ਮੰਤਰੀ ਵੀ ਹਨ।

ਰਾਜ ਠਾਕਰੇ (2006)
ਸ਼ਿਵ ਸੈਨਾ ਨੂੰ ਅਗਲਾ ਝਟਕਾ 2006 ’ਚ ਉਦੋਂ ਲੱਗਾ ਜਦੋਂ ਊਧਵ ਠਾਕਰੇ ਦੇ ਚਚੇਰੇ ਭਰਾ ਰਾਜ ਠਾਕਰੇ ਨੇ ਪਾਰਟੀ ਛੱਡਣ ਅਤੇ ਆਪਣਾ ਖੁਦ ਦਾ ਸਿਆਸੀ ਸੰਗਠਨ-ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਬਣਾਉਣ ਦਾ ਫੈਸਲਾ ਕੀਤਾ। ਰਾਜ ਠਾਕਰੇ ਨੇ ਉਦੋਂ ਕਿਹਾ ਸੀ ਕਿ ਉਨ੍ਹਾਂ ਦੀ ਲੜਾਈ ਸ਼ਿਵ ਸੈਨਾ ਲੀਡਰਸ਼ਿਪ ਨਾਲ ਨਹੀਂ, ਸਗੋਂ ਪਾਰਟੀ ਲੀਡਰਸ਼ਿਪ ਦੇ ਆਲੇ-ਦੁਆਲੇ ਦੇ ਹੋਰ ਲੋਕਾਂ ਨਾਲ ਹੈ। ਸਾਲ 2009 ’ਚ 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ’ਚ ਮਨਸੇ ਨੇ 13 ਸੀਟਾਂ ਜਿੱਤੀਆਂ ਸਨ। ਮੁੰਬਈ ’ਚ ਇਸ ਦੀ ਗਿਣਤੀ ਸ਼ਿਵ ਸੈਨਾ ਨਾਲੋਂ ਇਕ ਵੱਧ ਸੀ।


author

Rakesh

Content Editor

Related News