ਮਹਾਰਾਸ਼ਟਰ ਪੁਲਸ ਨੂੰ ਮਿਲਣਗੇ ਆਧੁਨਿਕ ਹਥਿਆਰ : ਊਧਵ ਠਾਕਰੇ

01/02/2020 5:37:12 PM

ਮੁੰਬਈ— ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਦੀ ਪੁਲਸ ਫੋਰਸ ਨੂੰ ਜ਼ਰੂਰੀ ਸਾਰੇ ਆਧੁਨਿਕ ਹਥਿਆਰ ਅਤੇ ਗੁਣਵੱਤਾਪੂਰਨ ਟਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਠਾਕਰੇ ਨੇ ਕਿਹਾ ਕਿ ਪੁਲਸ ਫੋਰਸ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਹਨ ਪਰ ਰਾਜ ਸਰਕਾਰ ਉਨ੍ਹਾਂ ਨੂੰ ਸਰਵਸ਼੍ਰੇਸ਼ਠ ਟਰੇਨਿੰਗ, ਹਥਿਆਰ ਅਤੇ ਗੁਣਵੱਤਾਪੂਰਨ ਮਾਨਕ ਜੀਵਨਸ਼ੈਲੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਠਾਕਰੇ ਨੇ ਅੰਧੇਰੀ ਦੇ ਮਰੋਲ ਪੁਲਸ ਟਰੇਨਿੰਗ ਕੇਂਦਰ ’ਚ ਮਹਾਰਾਸ਼ਟਰ ਪੁਲਸ ਦੀ ਸਥਾਪਨਾ ਦਿਵਸ ਪਰੇਡ ’ਚ ਇਹ ਗੱਲਾਂ ਕਹੀਆਂ। ਠਾਕਰੇ ਨੇ ਕਿਹਾ,‘‘ਦੁਨੀਆ ਅੱਗੇ ਵਧ ਰਹੀ ਹੈ, ਪੁਲਸ ਫੋਰਸ ਦੇ ਸਾਹਮਣੇ ਚੁਣੌਤੀਆਂ ਵੱਡੀਆਂ ਹਨ ਅਤੇ ਸਾਹਮਣੇ ਮੌਜੂਦ ਦੁਸ਼ਮਣ ਹਥਿਆਰਾਂ ਨਾਲ ਲੈੱਸ ਅਤੇ ਟਰੇਨਡ ਹਨ। ਅਜਿਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਮਹਾਰਾਸ਼ਟਰ ਪੁਲਸ ਫੋਰਸ ਨੂੰ ਦੁਨੀਆ ’ਚ ਜੋ ਵੀ ਸਭ ਤੋਂ ਬਿਹਤਰ ਹੋਵੇਗਾ, ਉਹ ਮੁਹੱਈਆ ਕਰਵਾਇਆ ਜਾਵੇਗਾ।’’

ਉਨ੍ਹਾਂ ਨੇ ਕਿਹਾ,‘‘ਸਾਡੀ ਪੁਲਸ ਫੋਰਸ ਨੂੰ ਦੁਸ਼ਮਣ ਤੋਂ ਇਕ ਕਦਮ ਅੱਗੇ ਰਹਿਣਾ ਚਾਹੀਦਾ।’’ ਮੁੱਖ ਮੰਤਰੀ ਨੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ’ਚ ਪੁਲਸ ਫੋਰਸ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਪੁਲਸ ਕਰਮਚਾਰੀਆਂ ਨੂੰ ਚੰਗੀ ਗੁਣਵੱਤਾ ਦੇ ਘਰ ਅਤੇ ਹੋਰ ਜ਼ਰੂਰੀ ਸਹੂਲਤਾਂ ਦੇਣ ਲਈ ਕਈ ਕਦਮ ਚੁੱਕੇਗੀ। ਪਰੇਡ ਤੋਂ ਬਾਅਦ ਠਾਕਰੇ ਪੁਲਸ ਕਰਮਚਾਰੀਆਂ ਨੂੰ ਘਰ ਉਪਲੱਬਧ ਕਰਵਾਉਣ ਲਈ ਮਰੋਲ ਇਲਾਕੇ ’ਚ ਬਣਨ ਵਾਲੇ ਭਵਨ ਦੇ ਭੂਮੀ ਪੂਜਨ ’ਚ ਸ਼ਾਮਲ ਹੋਏ। ਪ੍ਰੋਗਰਾਮ ’ਚ ਰਾਜ ਦੇ ਪੁਲਸ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਜਾਇਸਵਾਲ, ਮੁੰਬਈ ਪੁਲਸ ਕਮਿਸ਼ਨਰ ਸੰਜੇ ਬਰਵੇ, ਪੁਲਸ ਡਾਇਰੈਕਟਰ ਜਨਰਲ (ਗ੍ਰਹਿ) ਬਿਪਿਨ ਬਿਹਾਰੀ ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀ ਵੀ ਮੌਜੂਦ ਸਨ। ਮਹਾਰਾਸ਼ਟਰ ਪੁਲਸ ਫੋਰਸ ਦੇ ਗਠਨ ਦੇ ਬਾਅਦ ਤੋਂ ਇਹ ਪਹਿਲੀ ਵਾਰ ਹੈ, ਜਦੋਂ ਸਥਾਪਨਾ ਦਿਵਸ ਪਰੇਡ ਉਪਨਗਰ ਅੰਧੇਰੀ ਦੇ ਮਰੋਲ ਪੁਲਸ ਟਰੇਨਿੰਗ ਕੇਂਦਰ ’ਚ ਆਯੋਜਿਤ ਹੋਈ ਹੈ। ਇਸ ਤੋਂ ਪਹਿਲਾਂ ਇਹ ਮੱਧ ਮੁੰਬਈ ਦੇ ਦਾਦਰ ਇਲਾਕੇ ’ਚ ਨੈਗਾਂਵ ’ਚ ਹੁੰਦੀ ਸੀ।


DIsha

Content Editor

Related News