ਮਹਾਰਾਸ਼ਟਰ ’ਚ ਬੱਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਯਾਤਰੀ ਪ੍ਰੇਸ਼ਾਨ, 96 ਬੱਸ ਡਿਪੂ ਮੁਕੰਮਲ ਤੌਰ ’ਤੇ ਬੰਦ

Thursday, Sep 05, 2024 - 01:10 AM (IST)

ਮੁੰਬਈ, (ਭਾਸ਼ਾ)- ਤਨਖਾਹ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਮਹਾਰਾਸ਼ਟਰ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਮ. ਐੱਸ. ਆਰ. ਟੀ. ਸੀ.) ਦੇ ਮੁਲਾਜ਼ਮਾਂ ਦੀ ਹੜਤਾਲ ਬੁੱਧਵਾਰ ਨੂੰ ਦੂਜੇ ਦਿਨ ਵੀ ਜਾਰੀ ਰਹਿਣ ਕਾਰਨ ਟਰਾਂਸਪੋਰਟ ਸੇਵਾਵਾਂ ਪ੍ਰਭਾਵਿਤ ਹੋਈਆਂ। ਖਾਸ ਕਰ ਕੇ ਗਣੇਸ਼ ਉਤਸਵ ਤੋਂ ਪਹਿਲਾਂ ਇਸ ਹੜਤਾਲ ਕਾਰਨ ਲੱਖਾਂ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਹੜਤਾਲ ਦੇ ਅਸਰ ਨੂੰ ਘੱਟ ਕਰਨ ਲਈ ਐੱਮ. ਐੱਸ. ਆਰ. ਟੀ. ਸੀ. ਪ੍ਰਸ਼ਾਸਨ ਠੇਕੇ ਦੇ ਆਧਾਰ ’ਤੇ ਬਾਹਰ ਤੋਂ ਚਾਲਕਾਂ ਦੀ ਨਿਯੁਕਤੀ ’ਤੇ ਵਿਚਾਰ ਕਰ ਰਿਹਾ ਹੈ।

ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਅਤੇ ਸੂਬਾ ਖੇਤਰ ਦੇ ਆਪਣੇ ਹਮਰੁਤਬਿਆਂ ਦੇ ਬਰਾਬਰ ਤਨਖਾਹ ਦੀ ਵਿਵਸਥਾ ਦੀ ਮੰਗ ਕਰਦੇ ਹੋਏ ਐੱਮ. ਐੱਸ. ਆਰ. ਟੀ. ਸੀ. ਦੇ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਹੜਤਾਲ ਸ਼ੁਰੂ ਕੀਤੀ ਸੀ। ਐੱਮ. ਐੱਸ. ਆਰ. ਟੀ. ਸੀ. ਦੇ ਇਕ ਬੁਲਾਰੇ ਨੇ ਦੱਸਿਆ ਕਿ 11 ਟਰੇਡ ਯੂਨੀਅਨਾਂ ਦੀ ਵਰਕਿੰਗ ਕਮੇਟੀ ਵੱਲੋਂ ਸੱਦੀ ਹੜਤਾਲ ਕਾਰਨ ਕਾਰਪੋਰੇਸ਼ਨ ਦੇ ਕੁੱਲ 251 ਬੱਸ ਡਿਪੂਆਂ ਵਿਚੋਂ 96 ਮੁਕੰਮਲ ਤੌਰ ’ਤੇ ਬੰਦ ਰਹੇ ਅਤੇ 82 ਬੱਸ ਡਿਪੂ ਅੰਸ਼ਿਕ ਤੌਰ ’ਤੇ ਬੰਦ ਰਹੇ, ਜਦ ਕਿ ਬਾਕੀ 73 ਪੂਰੀ ਤਰ੍ਹਾਂ ਸੰਚਾਲਿਤ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹੜਤਾਲ ਮਰਾਠਵਾੜਾ ਅਤੇ ਉੱਤਰੀ ਮਹਾਰਾਸ਼ਟਰ ਖੇਤਰਾਂ ’ਚ ਤੇਜ਼ੀ ਨਾਲ ਫੈਲ ਰਹੀ ਹੈ, ਜਿੱਥੇ ਅੱਜ ਕ੍ਰਮਵਾਰ 26 ਅਤੇ 32 ਡਿਪੂ ਪੂਰੀ ਤਰ੍ਹਾਂ ਬੰਦ ਰਹੇ।


Rakesh

Content Editor

Related News