ਟਰੇਨ ਦੀ ਸੀਟ ਨੂੰ ਲੈ ਕੇ ਭਿੜ ਗਏ ਯਾਤਰੀ, ਨਾਬਾਲਗ ਨੇ ਸ਼ਰੇਆਮ ਚਾਕੂ ਮਾਰ ਕਰ''ਤਾ ਕਤਲ

Friday, Nov 22, 2024 - 09:16 PM (IST)

ਟਰੇਨ ਦੀ ਸੀਟ ਨੂੰ ਲੈ ਕੇ ਭਿੜ ਗਏ ਯਾਤਰੀ, ਨਾਬਾਲਗ ਨੇ ਸ਼ਰੇਆਮ ਚਾਕੂ ਮਾਰ ਕਰ''ਤਾ ਕਤਲ

ਨੈਸ਼ਨਲ ਡੈਸਕ : ਮੁੰਬਈ ਦੇ ਇਕ ਰੇਲਵੇ ਸਟੇਸ਼ਨ 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਨਾਬਾਲਗ ਲੜਕੇ ਨੇ ਆਪਣੇ ਨਾਲ ਦੇ ਇਕ ਯਾਤਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਮੁਤਾਬਕ ਲੋਕਲ ਟਰੇਨ 'ਚ ਸੀਟ ਨੂੰ ਲੈ ਕੇ ਦੋਸ਼ੀ ਅਤੇ ਪੀੜਤਾ ਵਿਚਾਲੇ ਝਗੜਾ ਹੋ ਗਿਆ ਸੀ। ਇਸ ਦੌਰਾਨ ਨਾਬਾਲਗ ਲੜਕੇ ਨੇ ਆਪਣਾ ਆਪਾ ਗੁਆ ਬੈਠਾ ਤੇ ਚਾਕੂ ਕੱਢ ਕੇ ਵਿਅਕਤੀ 'ਤੇ ਹਮਲਾ ਕਰ ਦਿੱਤਾ।

ਮੁੰਬਈ ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰੇਲਵੇ ਸਟੇਸ਼ਨ 'ਤੇ ਇਕ 16 ਸਾਲਾ ਲੜਕੇ ਨੇ ਇਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਵਿਅਕਤੀ ਨੇ ਹਮਲਾਵਰ ਲੜਕੇ ਨਾਲ ਲੋਕਲ ਟਰੇਨ ਦੀ ਸੀਟ ਨੂੰ ਲੈ ਕੇ ਲੜਾਈ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ।

ਪੁਲਸ ਅਧਿਕਾਰੀ ਨੇ ਘਟਨਾ ਬਾਰੇ ਪੀਟੀਆਈ ਨੂੰ ਦੱਸਿਆ ਕਿ 15 ਨਵੰਬਰ ਨੂੰ ਕੇਂਦਰੀ ਰੇਲਵੇ ਦੇ ਘਾਟਕੋਪਰ ਸਟੇਸ਼ਨ 'ਤੇ ਹੋਏ ਹਮਲੇ ਦੇ ਸਬੰਧ ਵਿੱਚ ਕੁਰਲਾ ਰੇਲਵੇ ਪੁਲਸ ਨੇ ਬੁੱਧਵਾਰ ਨੂੰ ਇੱਕ ਨਾਬਾਲਗ ਲੜਕੇ ਨੂੰ ਹਿਰਾਸਤ 'ਚ ਲਿਆ ਤੇ ਉਸਦੇ ਵੱਡੇ ਭਰਾ ਨੂੰ ਗ੍ਰਿਫਤਾਰ ਕੀਤਾ।

ਪੁਲਸ ਅਨੁਸਾਰ 14 ਨਵੰਬਰ ਨੂੰ ਪੀੜਤ ਅੰਕੁਸ਼ ਭਗਵਾਨ ਭਲੇਰਾਓ ਟਿਟਵਾਲਾ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਜਾ ਰਹੀ ਤੇਜ਼ ਰਫ਼ਤਾਰ ਟਰੇਨ 'ਚ ਸਵਾਰ ਹੋਇਆ ਸੀ। ਸਫਰ ਦੌਰਾਨ ਸੀਟ ਨੂੰ ਲੈ ਕੇ ਅੰਕੁਸ਼ ਅਤੇ ਨਾਬਾਲਗ ਵਿਚਕਾਰ ਬਹਿਸ ਹੋ ਗਈ ਤੇ ਇਸ ਦੌਰਾਨ ਵਿਅਕਤੀ ਨੇ ਨਾਬਾਲਗ ਲੜਕੇ ਨੂੰ ਥੱਪੜ ਮਾਰ ਦਿੱਤਾ।

ਇਸ ਤੋਂ ਬਾਅਦ ਅਗਲੀ ਸਵੇਰ ਅੰਕੁਸ਼ ਉਸੇ ਟਰੇਨ ਰਾਹੀਂ ਘਾਟਕੋਪਰ ਗਿਆ ਅਤੇ ਪਲੇਟਫਾਰਮ ਨੰਬਰ 4 'ਤੇ ਟਹਿਲ ਰਿਹਾ ਸੀ। ਉਦੋਂ ਲੜਕਾ ਅਚਾਨਕ ਉਸ ਕੋਲ ਆਇਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ 'ਚ ਅੰਕੁਸ਼ ਲਹੂ ਲੁਹਾਨ ਹੋ ਗਿਆ। ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਕਾਰਨ ਉਸ ਨੂੰ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ। ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਥਾਣੇ ਤੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲਸ ਨੇ ਨਾਬਾਲਗ ਨੂੰ ਹਿਰਾਸਤ 'ਚ ਲੈ ਲਿਆ ਤੇ ਸਬੂਤ ਛੁਪਾਉਣ 'ਚ ਉਸ ਦੀ ਮਦਦ ਕਰਨ ਵਾਲੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਨਾਬਾਲਗ ਨੇ ਕਤਲ ਦੀ ਗੱਲ ਕਬੂਲੀ ਹੈ।

ਪੁਲਸ ਅਨੁਸਾਰ ਨਾਬਾਲਗ ਮੁਲਜ਼ਮ ਨੇ ਚਾਕੂ ਆਪਣੇ ਘਰ ਦੀ ਛੱਤ ’ਤੇ ਲੁਕੋ ਕੇ ਰੱਖਿਆ ਹੋਇਆ ਸੀ। ਇੰਨਾ ਹੀ ਨਹੀਂ ਉਸ ਨੇ ਆਪਣੀ ਪਛਾਣ ਛੁਪਾਉਣ ਲਈ ਆਪਣੇ ਵਾਲ ਵੀ ਕੱਟ ਲਏ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।


author

Baljit Singh

Content Editor

Related News