ਮਹਾਰਾਸ਼ਟਰ ''ਚ ਡੇਂਗੂ ਦਾ ਕਹਿਰ, 7 ਲੋਕਾਂ ਦੀ ਮੌਤ

10/18/2019 9:57:42 AM

ਔਰੰਗਾਬਾਦ— ਮਹਾਰਾਸ਼ਟਰ ਦੇ ਔਰੰਗਾਬਾਦ 'ਚ ਡੇਂਗੂ ਹੌਲੀ-ਹੌਲੀ ਮਹਾਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ। ਡੇਂਗੂ ਨਾਲ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਹਰ ਦਿਨ ਔਸਤਨ 15 ਲੋਕ ਇਸ ਦੀ ਲਪੇਟ 'ਚ ਆ ਰਹੇ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹੁਣ ਤੱਕ 51 ਲੋਕ ਡੇਂਗੂ ਦੇ ਸ਼ਿਕਾਰ ਬਣ ਚੁਕੇ ਹਨ, ਜਦੋਂ ਕਿ 265 ਸ਼ੱਕੀ ਮਾਮਲੇ ਸਾਹਮਣੇ ਆ ਚੁਕੇ ਹਨ। ਔਰੰਗਾਬਾਦ ਨਗਰ ਨਿਗਮ (ਏ.ਐੱਮ.ਸੀ.) ਦੀ ਸਿਹਤ ਇਕਾਈ ਨੇ ਡੇਂਗੂ ਦੇ ਪਰਲੋ ਨੂੰ ਦੇਖਦੇ ਹੋਏ ਸ਼ਹਿਰ ਅਤੇ ਇਸ ਦੇ ਨੇੜਲੇ ਮਰੀਜ਼ਾਂ ਲਈ ਵਿਸ਼ੇਸ਼ ਜਾਂਚ ਦੀ ਵਿਵਸਥਾ ਕੀਤੀ ਹੈ। ਏ.ਐੱਮ.ਸੀ. ਦੇ ਸਿਹਤ ਕਰਮਚਾਰੀਆਂ ਨੇ ਪੂਰੇ ਸ਼ਹਿਰ ਦੇ ਇਕ ਲੱਖ ਘਰਾਂ ਨੂੰ ਆਪਣੇ ਸਵੱਛਤਾ ਮੁਹਿੰਮ 'ਚ ਸ਼ਾਮਲ ਕੀਤਾ ਹੈ।

ਡੇਂਗੂ ਦੀ ਘਾਤਕ ਬੀਮਾਰੀ 'ਏਡੀਸ ਏਜਿਪਟੀ' ਮੱਛਰ ਦੇ ਕੱਟਣ ਨਾਲ ਹੁੰਦੀ ਹੈ, ਜੋ ਮਿੱਟੀ ਦੇ ਭਾਂਡੇ ਜਾਂ ਭੂਮੀਗਤ ਟੈਂਕਾਂ 'ਚ ਇਕੱਠੇ ਸਾਫ਼ ਪਾਣੀ 'ਚ ਅੰਡੇ ਦਿੰਦੀ ਹੈ। ਸਿਹਤ ਵਿਭਾਗ ਦੀਆਂ 30 ਟੀਮਾਂ ਨੇ ਜਦੋਂ ਘਰ-ਘਰ ਜਾ ਕੇ ਸਰਵੇਖਣ ਕੀਤਾ ਤਾਂ ਡੇਂਗੂ ਦਾ ਪਤਾ ਲੱਗਾ। ਇਸ ਤੋਂ ਬਾਅਦ ਵੱਡੀ ਗਿਣਤੀ 'ਚ ਸਿਹਤ ਕਰਮਚਾਰੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਵਰਕਰਾਂ ਨੂੰ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਕੰਮ 'ਚ ਲਗਾਇਆ ਗਿਆ ਹੈ। ਸਿਹਤ ਵਿਭਾਗ ਨੇ ਡੇਂਗੂ ਤੋਂ ਬਚਣ ਲਈ ਨਾਗਰਿਕਾਂ ਨੂੰ ਚੌਕਸੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ, ਜਿਵੇਂ ਪੂਰੀ ਬਾਂਹ ਵਾਲੇ ਕੱਪੜੇ ਪਾਉਣਾ ਅਤੇ ਰਾਤ ਨੂੰ ਸੌਂਦੇ ਸਮੇਂ ਮੱਛਰਦਾਣੀ ਦੀ ਵਰਤੋਂ ਕਰਨਾ ਆਦਿ। ਵਿਭਾਗ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਫ਼ਤੇ 'ਚ ਇਕ ਵਾਰ ਸਾਰੇ ਪਾਣੀ ਭੰਡਾਰਨ ਵਾਲੇ ਭਾਂਡਿਆਂ ਨੂੰ ਸਾਫ਼ ਕਰਨ ਅਤੇ ਆਪਣੇ ਘਰਾਂ ਕੋਲ ਛੋਟੀਆਂ ਥਾਂਵਾਂ 'ਤੇ ਪਾਣੀ ਦਾ ਭੰਡਾਰਨ ਨਾ ਕਰਨ।


DIsha

Content Editor

Related News