ਮਹਾਰਾਸ਼ਟਰ ਬੱਸ ਹਾਦਸੇ ਦਾ ਦਿਲ ਝੰਜੋੜਨ ਵਾਲਾ ਮੰਜ਼ਰ, ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ, ਹੋਇਆ ਸਮੂਹਿਕ ਸਸਕਾਰ
Sunday, Jul 02, 2023 - 05:15 PM (IST)
ਬੁਲਢਾਨਾ (ਭਾਸ਼ਾ)- ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਵਿਚ ਬੱਸ ਹਾਦਸੇ 'ਚ ਜਾਨ ਗੁਆਉਣ ਵਾਲੇ 25 ਵਿਅਕਤੀਆਂ ਵਿੱਚੋਂ 24 ਦਾ ਐਤਵਾਰ ਨੂੰ ਸਮੂਹਿਕ ਰੂਪ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਇਕ ਮ੍ਰਿਤਕ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ ਕਿ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਸੀ ਕਿ ਬੱਸ ਨੂੰ ਅੱਗ ਲੱਗ ਗਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਡੀ.ਐੱਨ.ਏ. ਟੈਸਟ ਕਰਵਾਉਣ ਦੀ ਬਜਾਏ ਉਨ੍ਹਾਂ ਦਾ ਸਮੂਹਿਕ ਸਸਕਾਰ ਕਰਨ ਲਈ ਮਨ੍ਹਾ ਲਿਆ ਗਿਆ। ਸੂਤਰਾਂ ਅਨੁਸਾਰ ਡੀ.ਐੱਨ.ਏ. ਟੈਸਟ ਇਕ ਲੰਬੀ ਪ੍ਰਕਿਰਿਆ ਹੈ ਜਿਸ ਵਿਚ ਮ੍ਰਿਤਕ ਦੀ ਪਛਾਣ ਕਰਨ ਵਿਚ ਕਈ ਦਿਨ ਲੱਗ ਸਕਦੇ ਹਨ।
ਬੁਲਢਾਨਾ ਦੇ ਵੈਕੁੰਠ ਧਾਮ ਹਿੰਦੂ ਸ਼ਮਸ਼ਾਨਘਾਟ ਵਿਚ ਐਤਵਾਰ ਨੂੰ 24 ਲਾਸ਼ਾਂ ਦਾ ਸਮੂਹਿਕ ਸਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਮ੍ਰਿਤਕ ਦੇ ਰਿਸ਼ਤੇਦਾਰ ਅਤੇ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਮੌਜੂਦ ਸਨ ਅਤੇ ਮ੍ਰਿਤਕ ਨੂੰ ਸ਼ਰਧਾਂਜਲੀ ਦਿੱਤੀ। ਪੁਲਸ ਨੇ ਪਹਿਲਾਂ ਦੱਸਿਆ ਸੀ ਕਿ ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ 'ਚ ਨਾਗਪੁਰ-ਮੁੰਬਈ ਸਮਰਿਧੀ ਐਕਸਪ੍ਰੈੱਸਵੇਅ 'ਤੇ ਸਵੇਰੇ ਕਰੀਬ 1.30 ਵਜੇ ਇਕ ਬੱਸ ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਜਾਣ ਕਾਰਨ 25 ਯਾਤਰੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 11 ਪੁਰਸ਼ ਅਤੇ 14 ਮਹਿਲਾ ਯਾਤਰੀ ਸ਼ਾਮਲ ਹਨ। ਇਨ੍ਹਾਂ ਵਿਚੋਂ 10 ਲੋਕ ਵਰਧਾ, 7 ਪੁਣੇ, 4 ਨਾਗਪੁਰ ਅਤੇ 2-2 ਯਵਤਮਾਲ ਅਤੇ ਵਾਸ਼ਿਮ ਤੋਂ ਸਨ। ਇਸ ਭਿਆਨਕ ਹਾਦਸੇ 'ਚ ਬੱਸ ਦੇ ਡਰਾਈਵਰ ਅਤੇ ਉਸ ਦੇ ਸਹਾਇਕ ਸਮੇਤ 8 ਲੋਕ ਵਾਲ-ਵਾਲ ਬਚ ਗਏ। ਸਥਾਨਕ ਪ੍ਰਸ਼ਾਸਨ ਮੁਤਾਬਕ 25 ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਬੁਲਢਾਣਾ ਪਹੁੰਚ ਗਏ ਹਨ। ਸ਼ਨੀਵਾਰ ਨੂੰ ਬੱਸ ਡਰਾਈਵਰ ਦੇ ਖ਼ਿਲਾਫ਼ ਲਾਪਰਵਾਹੀ ਨਾਲ ਡਰਾਈਵਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਮੁਤਾਬਕ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਬੱਸ ਡਰਾਈਵਰ ਨੂੰ ਨੀਂਦ ਆ ਗਈ ਅਤੇ ਗੱਡੀ ਦਾ ਕੰਟਰੋਲ ਗੁਆ ਬੈਠਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।