ਅਧੂਰਾ ਸੁਫ਼ਨਾ ਹੋਇਆ ਪੂਰਾ, ਮਾਂ-ਪੁੱਤ ਨੇ ਇਕੱਠਿਆਂ ਪਾਸ ਕੀਤੀ 10ਵੀਂ ਜਮਾਤ

08/01/2020 4:18:31 PM

ਪੁਣੇ— ਕਹਿੰਦੇ ਨੇ ਜੇਕਰ ਇਨਸਾਨ ਮਨ 'ਚ ਠਾਣ ਲਵੇ ਤਾਂ ਕੁਝ ਵੀ ਅਸੰਭਵ ਨਹੀਂ ਹੁੰਦਾ ਹੈ। ਮਹਾਰਾਸ਼ਟਰ 'ਚ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਸ਼ਹਿਰ ਵਾਸੀ ਬੇਬੀ ਗੁਰਾਵ ਨੇ ਆਪਣੇ ਪੁੱਤਰ ਨਾਲ 10ਵੀਂ ਬੋਰਡ ਦੀ ਜਮਾਤ ਪਾਸ ਕੀਤਾ ਹੈ। ਸੂਬੇ ਵਿਚ ਬੋਰਡ ਇਮਤਿਹਾਨ ਦੇ ਨਤੀਜੇ 29 ਜੁਲਾਈ ਨੂੰ ਐਲਾਨੇ ਗਏ ਸਨ, ਜਿਸ ਵਿਚ 36 ਸਾਲਾ ਬੇਬੀ ਨੇ 64.4 ਫੀਸਦੀ ਅਤੇ ਉਨ੍ਹਾਂ ਦੇ 16 ਸਾਲਾ ਪੁੱਤਰ ਸਦਾਨੰਦ ਨੇ 73.2 ਫੀਸਦੀ ਅੰਕ ਹਾਸਲ ਕੀਤੇ। 

ਇਕ ਕੱਪੜੇ ਨਿਰਮਾਤਾ ਕੰਪਨੀ 'ਚ ਸਿਲਾਈ ਦਾ ਕੰਮ ਕਰਨ ਵਾਲੀ ਬੇਬੀ ਨੇ ਕਿਹਾ ਕਿ ਛੋਟੀ ਉਮਰ ਵਿਚ ਵਿਆਹ ਹੋਣ ਕਾਰਨ ਮੇਰੀ ਸਕੂਲੀ ਸਿੱਖਿਆ ਅਧੂਰੀ ਰਹਿ ਗਈ ਸੀ ਪਰ ਮੇਰੇ ਪਤੀ ਨੇ ਮੈਨੂੰ ਪੁੱਤਰ ਨਾਲ ਇਮਤਿਹਾਨ ਦੇਣ ਲਈ ਉਤਸ਼ਾਹਤ ਕੀਤਾ, ਮੇਰਾ ਹੌਂਸਲਾ ਵਧਾਇਆ। ਬੇਬੀ ਦੇ ਪਤੀ ਪ੍ਰਦੀਪ ਗੁਰਾਵ ਅਤੇ ਪੁੱਤਰ ਨੇ ਪੜ੍ਹਾਈ 'ਚ ਮਦਦ ਕੀਤੀ। ਪੇਸ਼ੇ ਤੋਂ ਪੱਤਰਕਾਰ ਪ੍ਰਦੀਪ ਨੇ ਕਿਹਾ ਕਿ ਮੇਰੀ ਪਤਨੀ ਅਤੇ ਪੁੱਤਰ ਨੇ ਮਿਹਨਤ ਨਾਲ ਪੜ੍ਹਾਈ ਕੀਤੀ ਅਤੇ ਚੰਗੇ ਅੰਕ ਪ੍ਰਾਪਤ ਕੀਤੇ ਹਨ। ਮੈਂ ਦੋਹਾਂ ਦੇ ਪੜ੍ਹਾਈ ਪ੍ਰਤੀ ਚੰਗੇਪ੍ਰਦਰਸ਼ਨ ਤੋਂ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ। 

ਆਤਮ ਵਿਸ਼ਵਾਸ ਨਾਲ ਭਰੀ ਬੇਬੀ ਨੇ ਹੁਣ 12ਵੀਂ ਦੇ ਇਮਤਿਹਾਨ ਪਾਸ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ। ਬੇਬੀ ਨੇ ਕਿਹਾ ਕਿ ਪਰਿਵਾਰਕ ਕਾਰਨਾਂ ਤੋਂ 10ਵੀਂ ਜਮਾਤ ਪਾਸ ਕਰਨ ਦਾ ਉਨ੍ਹਾਂ ਦਾ ਸੁਫ਼ਨਾ ਅਧੂਨਾ ਰਹਿ ਗਿਆ ਸੀ। ਕਈ ਵਾਰ ਉਨ੍ਹਾਂ ਨੇ ਪੜ੍ਹਾਈ ਪੂਰੀ ਕਰਨ ਦੀ ਸੋਚੀ ਪਰ ਹਾਲਾਤ ਖਰਾਬ ਹੋਣ ਕਾਰਨ ਮੁਮਕਿਨ ਨਹੀਂ ਹੋ ਸਕਿਆ ਸੀ। ਪਤੀ ਵਲੋਂ ਹੌਂਸਲਾ ਅਤੇ ਪੁੱਤਰ ਵਲੋਂ ਸਾਥ ਮਿਲਿਆ ਤਾਂ ਉਨ੍ਹਾਂ ਨੇ ਮੁੜ ਤੋਂ ਕਿਤਾਬਾਂ ਚੁੱਕ ਲਈਆਂ ਅਤੇ ਪੜ੍ਹਾਈ ਸ਼ੁਰੂ ਕੀਤੀ। ਆਪਣੇ ਕੰਮ ਤੋਂ ਸਮਾਂ ਕੱਢ ਕੇ ਉਹ ਦਿਨ ਵਿਚ ਖਾਲੀ ਸਮੇਂ ਦੌਰਾਨ ਪੜ੍ਹਾਈ ਕਰਨ ਲੱਗੀ। ਜਦੋਂ ਇਮਤਿਹਾਨ ਦਾ ਸਮਾਂ ਨੇੜੇ ਆਇਆ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨਾਲ ਆਪਣੀ ਤਿਆਰੀ ਹੋਰ ਤੇਜ਼ ਕਰ ਦਿੱਤੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਪੁੱਤਰ ਨਾਲ 10ਵੀਂ ਦੇ ਇਮਤਿਹਾਨ ਦਿੱਤੇ। ਬੇਬੀ ਨੇ ਦੱਸਿਆ ਕਿ ਮੇਰੇ ਪੁੱਤਰ ਸਦਾਨੰਦ ਨੇ ਮੈਨੂੰ ਮੁਸ਼ਕਲ ਵਿਸ਼ੇ ਗਣਿਤ, ਅੰਗਰੇਜ਼ੀ ਅਤੇ ਵਿਗਿਆਨ ਸਮਝਾਇਆ।


Tanu

Content Editor

Related News