ਇਕਸਾਰ ਸਿਵਲ ਕੋਡ ਲਾਗੂ ਕਰਨ ਦੀ ਤਿਆਰੀ ’ਚ ਮਹਾਰਾਸ਼ਟਰ, 7 ਮੈਂਬਰੀ ਕਮੇਟੀ ਗਠਿਤ
Friday, Jul 10, 2026 - 11:49 AM (IST)
ਮੁੰਬਈ (ਏਜੰਸੀ)- ਮਹਾਰਾਸ਼ਟਰ ਇਕਸਾਰ ਸਿਵਲ ਕੋਡ (ਯੂ. ਸੀ. ਸੀ.) ਲਾਗੂ ਕਰਨ ਦੀ ਤਿਆਰੀ ’ਚ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ ’ਚ ਯੂ. ਸੀ. ਸੀ. ਲਾਗੂ ਕਰਨ ਲਈ ਖਰੜਾ ਤਿਆਰ ਕਰਨ ਦੇ ਮਕਸਦ ਨਾਲ ਸੁਪਰੀਮ ਕੋਰਟ ਦੀ ਸੇਵਾਮੁਕਤ ਜਸਟਿਸ ਰੰਜਨਾ ਦੇਸਾਈ ਦੀ ਪ੍ਰਧਾਨਗੀ ਹੇਠ 7 ਮੈਂਬਰੀ ਕਮੇਟੀ ਬਣਾਉਣ ਦਾ ਵੀਰਵਾਰ ਨੂੰ ਐਲਾਨ ਕੀਤਾ।
ਫੜਨਵੀਸ ਨੇ ਵਿਧਾਨ ਸਭਾ ’ਚ ਦੱਸਿਆ ਕਿ ਕਮੇਟੀ ਦੇ ਹੋਰਨਾਂ ਮੈਂਬਰਾਂ ’ਚ ਜਸਟਿਸ ਆਰ. ਸੀ. ਚਵਾਨ ਅਤੇ ਜਸਟਿਸ ਐੱਸ. ਜੀ. ਮੇਹਰੇ ਸ਼ਾਮਲ ਹਨ, ਜੋ ਹਾਈ ਕੋਰਟ ਦੇ ਸਾਬਕਾ ਜੱਜ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਸਾਬਕਾ ਮੁੱਖ ਸਕੱਤਰ ਡੀ. ਕੇ. ਜੈਨ, ਸਾਬਕਾ ਐਡਵੋਕੇਟ ਜਨਰਲ ਵੀਰੇਂਦਰ ਸਰਾਫ, ਸੰਵਿਧਾਨਕ ਮਾਹਿਰ ਰਮੇਸ਼ ਪਤੰਗੇ ਅਤੇ ਸਿੱਖਿਆ ਸ਼ਾਸਤਰੀ ਸੁਵਰਨਾ ਰਾਵਲ ਵੀ ਇਸ ’ਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਜਸਟਿਸ ਦੇਸਾਈ ਦੀ ਪ੍ਰਧਾਨਗੀ ਵਾਲੀ ਕਮੇਟੀ ਲੱਗਭਗ 6 ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪ ਦੇਵੇਗੀ। ਫੜਨਵੀਸ ਨੇ ਕਿਹਾ, ‘‘ਅਸੀਂ ਨਾਗਪੁਰ ’ਚ ਸੂਬਾ ਵਿਧਾਨ ਮੰਡਲ ਦੇ ਸਰਦੀਆਂ ਦੇ ਸੈਸ਼ਨ ਦੌਰਾਨ ਇਸ ਸਬੰਧੀ ਬਿੱਲ ਪੇਸ਼ ਕਰਨ ਦਾ ਯਤਨ ਕਰਾਂਗੇ।’’ ਸੰਵਿਧਾਨ ’ਚ ਸੂਬੇ ਦੇ ਨੀਤੀ ਨਿਰਦੇਸ਼ਕ ਤੱਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,''ਇਸੇ ਅਨੁਸਾਰ ਇਕਸਾਰ ਸਿਵਲ ਕੋਡ ਲਾਗੂ ਕਰਨ ਦਾ ਖਰੜਾ ਤਿਆਰ ਕਰਨ ਲਈ ਜਸਟਿਸ (ਸੇਵਾਮੁਕਤ) ਰੰਜਨਾ ਦੇਸਾਈ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
