ਮਹਾਰਾਸ਼ਟਰ : ਹੜ੍ਹ ਦੇ ਹਾਲਾਤ ''ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੀਤੀ ਸਮੀਖਿਆ ਬੈਠਕ
Wednesday, Aug 07, 2019 - 07:26 PM (IST)

ਮਹਾਰਾਸ਼ਟਰ — ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ 'ਚ ਹੜ੍ਹ ਦੀ ਸਥਿਤੀ ਦੀ ਸਮੀਖਿਆ ਲਈ ਬੁੱਧਵਾਰ ਨੂੰ ਕੈਬਨਿਟ ਬੈਠਕ ਕੀਤੀ। ਜਿਸ 'ਚ ਮੁੱਖ ਮੰਤਰੀ ਫੜਨਵੀਸ ਨੇ ਸੂਬੇ 'ਚ ਹੜ੍ਹ ਤੋਂ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਿਆ। ਮੁੱਖ ਮੰਤਰੀ ਨੇ ਸਬੰਧਿਤ ਅਫਸਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਖਾਣਾ, ਪੀਣ ਦਾ ਪਾਣੀ, ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਪ੍ਰਬੰਧ ਦਾ ਨਿਰਦੇਸ਼ ਦਿੱਤਾ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਬੱਚਿਆਂ ਦਾ ਖਾਸ ਧਿਆਨ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਲਈ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਨੇਵੀ, ਕੋਸਟ ਗਾਰਡਸ ਤੇ ਏਅਰ ਫੋਰਸ ਦੀ ਮਦਦ ਲਈ ਜਾ ਰਹੀ ਹੈ।
ਜਲ ਸਰੋਤ ਵਿਭਾਗ ਨੂੰ ਕਿਹਾ ਗਿਆ ਹੈ ਕਿ ਬੰਨ੍ਹ ਤੋਂ ਵਾਧੂ ਪਾਣੀ ਛੱਡੇ ਜਾਣ 'ਤੇ ਇਸ ਦੀ ਸੂਚਨਾ ਰੇਲਵੇ ਵਿਭਾਗ ਨਾਲ ਸਾਂਝੀ ਕੀਤੀ ਜਾਵੇ। ਮਹਾਰਾਸ਼ਟਰ ਦੇ ਕੋਲਹਾਪੁਰ, ਸਾਂਗਲੀ, ਰਾਇਗੜ੍ਹ ਤੇ ਪਾਲਘਰ ਦੇ ਕਈ ਹਿੱਸਿਆਂ 'ਚ ਲਗਾਤਾਰ ਬਾਰਿਸ਼ ਨਾਲ ਹੜ੍ਹ ਆਇਆ ਹੋਇਆ ਹੈ। ਸਿਰਫ ਸਾਂਗਲੀ ਜ਼ਿਲੇ 'ਚ 53000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਕੋਲਹਾਪੁਰ 'ਚ 11432 ਤੇ ਰਾਇਗੜ੍ਹ 'ਚ 3000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਬੈਠਕ 'ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੋਂ ਇਲਾਵਾ ਰੈਵਨਿਊ ਮਿਨੀਸਟਰ ਚੰਦਰਕਾਂਤ ਪਾਟਿਲ, ਜਲ ਸਰੋਤ ਮੰਤਰੀ ਗਿਰੀਸ਼ ਮਹਾਜਨ, ਸਹਕਾਰਿਤਾ ਮੰਤਰੀ ਸੁਭਾਸ਼ ਦੇਸ਼ਮੁੱਖ, ਪੀ.ਡਬਲਿਊ. ਮੰਤਰੀ ਏਕਨਾਥ ਸ਼ਿੰਦੇ, ਵਾਤਾਵਰਣ ਮੰਤਰੀ ਰਾਮਦਾਸ ਕਦਮ ਤੇ ਚੋਟੀ ਦੇ ਅਫਸਰ ਸ਼ਾਮਲ ਹੋਏ।