28 ਮਈ ਨੂੰ ਨਵੇਂ ਸੰਸਦ ਭਵਨ ਦੇ ਬਾਹਰ ਹੋਵੇਗੀ ਮਹਾਪੰਚਾਇਤ, ਔਰਤਾਂ ਤੇ ਨੌਜਵਾਨ ਕਰਨਗੇ ਅਗਵਾਈ

Wednesday, May 24, 2023 - 05:25 AM (IST)

ਨਵੀਂ ਦਿੱਲੀ (ਭਾਸ਼ਾ): ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਮੰਗਲਵਾਰ ਨੂੰ ਫ਼ੈਸਲਾ ਕੀਤਾ ਕਿ 28 ਮਈ ਨੂੰ ਨਵੇਂ ਸੰਸਦ ਭਵਨ ਦੇ ਬਾਹਰ ਨਿਰਧਾਰਿਤ ਮਹਾਪੰਚਾਇਤ ਦੀ ਅਗਵਾਈ ਔਰਤਾਂ ਤੇ ਨੌਜਵਾਨਾਂ ਵੱਲੋਂ ਕੀਤੀ ਜਾਵੇਗੀ ਤੇ ਪ੍ਰਦਰਸ਼ਨ ਨੂੰ ਲੈ ਕੇ ਅਗਲੇਰੀ ਕਾਰਵਾਈ ਬਾਰੇ ਵੀ ਕੋਈ ਵੱਡਾ ਫ਼ੈਸਲਾ ਉਹੀ ਲੈਣਗੇ। ਇਸ ਵਿਚਾਲੇ ਪਹਿਲਵਾਨਾਂ ਦੇ ਹਜ਼ਾਰਾਂ ਸਮਰਥਕਾਂ ਨੇ ਭਾਰੀ ਸੁਰੱਖਿਆ ਵਿਚਾਲੇ ਜੰਤਰ-ਮੰਤਰ ਤੋਂ ਇੰਡੀਆ ਗੇਟ ਤਕ ਮਾਰਚ ਕੀਤਾ। ਇਸ ਦੌਰਾਨ ਉਹ ਬ੍ਰਿਜਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕਰ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - 2024 ਚੋਣਾਂ ਤੋਂ ਪਹਿਲਾਂ 'ਸੈਮੀਫਾਈਨਲ'; ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਜੰਗ 'ਚ AAP ਨੂੰ ਮਿਲਿਆ ਮਮਤਾ ਦਾ ਸਮਰਥਨ

ਇਸ ਮਾਰਚ ਵਿਚ ਓਲੰਪਿਕ ਮੈਡਲ ਜੇਤੂ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਤੇ ਏਸ਼ੀਆਈ ਖੇਡਾਂ ਦੀ ਗੋਲਡ ਮੈਡਲ ਜੇਤੂ ਵਿਨੇਸ਼ ਫੋਗਾਟ ਸਮੇਤ ਕਈ ਹੋਰ ਪ੍ਰਦਰਸ਼ਨਕਾਰੀ ਪਹਿਲਵਾਨ ਸ਼ਾਮਲ ਸਨ। ਪਹਿਲਵਾਨਾਂ ਨੇ ਬ੍ਰਿਜਸ਼ੂਭਣ 'ਤੇ ਇਕ ਨਾਬਾਲਿਗਾ ਸਮੇਤ ਕਈ ਮਹਿਲਾ ਪਹਿਲਵਾਨਾਂ ਦਾ ਜਿਣਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਪਹਿਲਵਾਨਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਤਪਦੀ ਗਰਮੀ ਅਤੇ ਦੇਰ ਸ਼ਾਮ ਚੱਲੀ ਧੂੜ ਭਰੀ ਹਨੇਰੀ ਦਾ ਸਾਹਮਣਾ ਕਰਦਿਆਂ ਵੱਡੀ ਗਿਣਤੀ ਵਿਚ ਇਕਜੁੱਟ ਹੋ ਕੇ ਸ਼ਾਂਤੀਪੂਰਨ ਢੰਗ ਨਾਲ ਇੰਡੀਆ ਗੇਟ ਵੱਲ ਮਾਰਚ ਕੀਤਾ। ਇਸ ਦੌਰਾਨ ਲੋਕਾਂ ਦੇ ਹੱਥਾਂ ਵਿਚ ਤਿਰੰਗੇ ਸਨ ਤੇ ਮਾਰਚ ਵਿਚ ਸ਼ਾਮਲ ਲੋਕਾਂ ਨੇ ਬ੍ਰਿਜਭੂਸ਼ਣ ਦੇ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕਰੇਗੀ 'ਆਪ', ਦੱਸੀ ਇਹ ਵਜ੍ਹਾ

ਵਿਨੇਸ਼, ਬਜਰੰਗ ਤੇ ਸਾਕਸ਼ੀ ਨੇ ਇੰਡੀਆ ਗੇਟ ਨੇੜੇ ਪੁਲਸ ਦੇ ਇਕ ਬੈਰੀਕੇਡ 'ਤੇ ਚੜ੍ਹ ਕੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਵਿਨੇਸ਼ ਨੇ ਕਿਹਾ, "28 ਮਈ ਨੂੰ ਨਵੇਂ ਸੰਸਦ ਭਵਨ ਨੇੜੇ ਔਰਤਾਂ ਤੇ ਨੌਜਵਾਨਾਂ ਦੀ ਅਗਵਾਈ ਵਿਚ ਮਹਾਪੰਚਾਇਤ ਕੀਤੀ ਜਾਵੇਗੀ। ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਇਹ ਔਰਤਾਂ ਦੀ ਅਖੰਡਤਾ ਤੇ ਸਨਮਾਨ ਦੀ ਲੜਾਈ ਹੈ। ਇਸ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕੋਈ ਵੱਡਾ ਫ਼ੈਸਲਾ 28 ਮਈ ਤੋਂ ਬਾਅਦ ਲਿਆ ਜਾਵੇਗਾ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News