ਮਹਾਦੇਵ ਐਪ: ਜਾਣੋ ਕਿਵੇਂ ਕਿੰਗਪਿਨ ਰਵੀ ਉੱਪਲ ਟਾਇਰਾਂ ਦੀ ਦੁਕਾਨ ਤੋਂ ਪਹੁੰਚ ਗਿਆ 6000 ਕਰੋੜ ਦੇ ਕਾਰੋਬਾਰ ਤਕ

Thursday, Dec 14, 2023 - 10:15 AM (IST)

ਮਹਾਦੇਵ ਐਪ: ਜਾਣੋ ਕਿਵੇਂ ਕਿੰਗਪਿਨ ਰਵੀ ਉੱਪਲ ਟਾਇਰਾਂ ਦੀ ਦੁਕਾਨ ਤੋਂ ਪਹੁੰਚ ਗਿਆ 6000 ਕਰੋੜ ਦੇ ਕਾਰੋਬਾਰ ਤਕ

ਜਲੰਧਰ/ਨਵੀਂ ਦਿੱਲੀ (ਵਿਸ਼ੇਸ਼)– ਮਹਾਦੇਵ ਬੈਟਿੰਗ ਐਪ ਦੇ ਪ੍ਰਮੁੱਖ ਕਿੰਗਪਿਨ ਰਵੀ ਉੱਪਲ ਨੂੰ ਦੁਬਈ ’ਚ ਹਿਰਾਸਤ ਵਿਚ ਲਏ ਜਾਣ ਦੀ ਖਬਰ ਨੇ ਅੱਜ ਇਕ ਵਾਰ ਮੁੜ ਇਸ ਐਪ ਨਾਲ ਜੁੜੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਖੁਦ ਨੂੰ ਮਾਮਲੇ ਵਿਚ ਜਾਣ-ਬੁੱਝ ਕੇ ਫਸਾਏ ਜਾਣ ਅਤੇ ਮਾਮਲਾ ਰਫਾ-ਦਫਾ ਕਰਵਾਉਣ ਦੀਆਂ ਜੁਗਤਾਂ ਲਾ ਰਹੇ ਇਸ ਸਕੈਮ ਨਾਲ ਜੁੜੇ ਬਹੁਤ ਸਾਰੇ ਲੋਕ ਹੁਣ ਜਲਦੀ ਹੀ ਜੇਲ੍ਹ ਦੀ ਹਵਾ ਖਾ ਸਕਦੇ ਹਨ। ਰਵੀ ਉੱਪਲ ਤੇ ਸੌਰਵ ਚੰਦਰਾਕਰ ਮਹਾਦੇਵ ਬੈਟਿੰਗ ਐਪ ’ਚ 2 ਅਜਿਹੇ ਨਾਂ ਹਨ, ਜੋ ਕੁਝ ਹੀ ਦਿਨਾਂ ’ਚ ਫਰਸ਼ ਤੋਂ ਅਰਸ਼ ਤਕ ਪਹੁੰਚ ਗਏ। ਉਂਝ ਦੱਸਿਆ ਜਾ ਰਿਹਾ ਹੈ ਕਿ ਇਹ ਸਕੈਮ ਕੁਲ 15000 ਕਰੋੜ ਦਾ ਹੈ। ਈ. ਡੀ. ਨੇ ਇੰਟਰਪੋਲ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ, ਜਿਸ ਵਿਚ ਈ. ਡੀ. ਨੇ ਦਾਅਵਾ ਕੀਤਾ ਸੀ ਕਿ ਅਪਰਾਧ ਦੀ ਅੰਦਾਜ਼ਨ ਆਮਦਨ ਲਗਭਗ 6000 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ- 'ਮਹਾਦੇਵ ਐਪ' ਦਾ ਮਾਲਕ ਰਵੀ ਉੱਪਲ ਦੁਬਈ 'ਚ ਗ੍ਰਿਫ਼ਤਾਰ, ਜਲਦ ਲਿਆਂਦਾ ਜਾਵੇਗਾ ਭਾਰਤ

ਰਵੀ ਉੱਪਲ ਦਾ ਨਾਮਚੀਨ ਸੱਟੇਬਾਜ਼ਾਂ ’ਚ ਨਾਂ

ਮਹਾਦੇਵ ਐਪ ਬਣਾਉਣ ਤੋਂ ਪਹਿਲਾਂ ਰਵੀ, ਭਿਲਾਈ ਦੇ ਨਾਮਚੀਨ ਸੱਟੇਬਾਜ਼ਾਂ ’ਚ ਗਿਣਿਆ ਜਾਂਦਾ ਰਿਹਾ ਹੈ। ਉਂਝ ਉਹ ਇੰਨੇ ਵੱਡੇ ਅੰਪਾਇਰ ਤਕ ਪਹੁੰਚਣ ਤੋਂ ਪਹਿਲਾਂ ਕਦੇ ਭਿਲਾਈ ’ਚ ਟਾਇਰਾਂ ਦੀ ਦੁਕਾਨ ਚਲਾਉਂਦਾ ਸੀ। ਇਸ ਦੌਰਾਨ ਉਹ ਟਿਊਬਵੈੱਲ ਦੇ ਬੋਰ ਕਰਨ ਦਾ ਕੰਮ ਕਰਦਾ ਸੀ। ਉਸ ਦੇ ਪਿਤਾ ਭਿਲਾਈ ਇਸਪਾਤ ਪਲਾਂਟ ’ਚ ਵੱਡੇ ਅਹੁਦੇ ’ਤੇ ਸਨ, ਜੋ ਬਾਅਦ ’ਚ ਸੇਵਾਮੁਕਤ ਹੋ ਗਏ ਸਨ। ਰਵੀ ਉੱਪਲ ਨੂੰ ਸ਼ੌਕ ਸੀ ਕਿ ਉਹ ਵੱਡੇ ਲੋਕਾਂ ਵਿਚ ਗਿਣਿਆ ਜਾਵੇ, ਜਿਸ ਦੇ ਲਈ ਉਹ ਸੱਟੇਬਾਜ਼ੀ ਤੋਂ ਆਉਣ ਵਾਲੇ ਪੈਸੇ ਦੀ ਖੂਬ ਵਰਤੋਂ ਕਰਦਾ ਸੀ। ਕਦੇ ਕਿਸੇ ਮੰਦਰ ’ਚ ਬੋਰ ਕਰਵਾ ਦਿੱਤਾ ਤਾਂ ਕਦੇ ਕਿਤੇ ਕੁਝ ਭੇਟ ਕਰ ਦਿੱਤਾ। ਇਸ ਦੌਰਾਨ ਉਹ ਆਪਣੇ ਨਾਂ ਦਾ ਖੂਬ ਪ੍ਰਚਾਰ ਤੇ ਪ੍ਰਸਾਰ ਕਰਦਾ ਸੀ।

ਚੰਦਰ ਅਗਰਵਾਲ ਦਾ ਦੁਬਈ ’ਚ ਕਈ ਵਾਰ ਹੋਇਆ ਆਉਣਾ-ਜਾਣਾ

ਸੌਰਵ ਚੰਦਰਾਕਰ ਰਵੀ ਉੱਪਲ ਦਾ ਸਾਥੀ ਸੀ ਅਤੇ ਇਹ ਦੋਵੇਂ ਮਿਲ ਕੇ ਸੱਟੇਬਾਜ਼ੀ ਦਾ ਕੰਮ ਕਰਦੇ ਸਨ। ਜਦੋਂ ਮਹਾਦੇਵ ਐਪ ਦਾ ਪ੍ਰਾਜੈਕਟ ਸ਼ੁਰੂ ਹੋਇਆ ਤਾਂ ਰਵੀ ਤੇ ਸੌਰਵ ਦੁਬਈ ਚਲੇ ਗਏ, ਜਿੱਥੇ ਜਾ ਕੇ ਇਨ੍ਹਾਂ ਨੇ ਮਹਾਦੇਵ ਐਪ ਨੂੰ ਵੱਡੇ ਪੱਧਰ ’ਤੇ ਪ੍ਰਮੋਟ ਕੀਤਾ। ਕਿਹਾ ਜਾਂਦਾ ਹੈ ਕਿ ਰਵੀ ਦੇ ਹਰ ਚੰਗੇ-ਮਾੜੇ ਕੰਮ ’ਚ ਸੌਰਵ ਚੰਦਰਾਕਰ ਉਸ ਦਾ ਪ੍ਰਛਾਵਾਂ ਬਣ ਕੇ ਸਾਥ ਦਿੰਦਾ ਸੀ। ਮਹਾਦੇਵ ਐਪ ਆਨਲਾਈਨ ਬੁੱਕ ਸ਼ੁਰੂ ਕਰ ਕੇ ਇਨ੍ਹਾਂ ਦੋਵਾਂ ਨੇ ਅਰਬਾਂ-ਖਰਬਾਂ ਰੁਪਏ ਕਮਾਏ। ਇਸ ਵਿਚ ਦੋਵਾਂ ਨੇ ਹੌਲੀ-ਹੌਲੀ ਵੱਖ-ਵੱਖ ਸੂਬਿਆਂ ਦੇ ਵੱਡੇ ਸੱਟੇਬਾਜ਼ਾਂ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ। ਜਲੰਧਰ ਤੋਂ ਰੀਅਲ ਅਸਟੇਟ ਕਾਰੋਬਾਰੀ ਚੰਦਰ ਅਗਰਵਾਲ ਵੀ ਇਸੇ ਸਿਲਸਿਲੇ ’ਚ ਇਨ੍ਹਾਂ ਦੇ ਨਾਲ ਜੁੜਿਆ ਸੀ ਦੱਸਣਯੋਗ ਹੈ ਕਿ ਮਹਾਦੇਵ ਐਪ ਨਾਲ ਸਬੰਧਤ ਜਿਹੜਾ ਮਾਮਲਾ ਮਹਾਰਾਸ਼ਟਰ ਪੁਲਸ ਨੇ ਦਰਜ ਕੀਤਾ ਹੈ, ਉਸ ਵਿਚ ਕੁਲ 22 ਵਿਅਕਤੀਆਂ ਦੇ ਨਾਂ ਹਨ। ਇਨ੍ਹਾਂ ਵਿਚ ਰਵੀ ਤੇ ਸੌਰਵ ਦੇ ਨਾਲ-ਨਾਲ ਚੰਦਰ ਅਗਰਵਾਲ ਦਾ ਵੀ ਨਾਂ ਹੈ। ਇਸੇ ਚੱਕਰ ’ਚ ਚੰਦਰ ਅਗਰਵਾਲ ਦਾ ਵੀ ਦੁਬਈ ’ਚ ਕਈ ਵਾਰ ਆਉਣਾ-ਜਾਣਾ ਹੋਇਆ ਹੈ।

ਇਹ ਵੀ ਪੜ੍ਹੋ- ਖ਼ੌਫਨਾਕ ਦਿਨ! ਗੋਲੀਆਂ ਨਾਲ ਗੂੰਜਿਆ ਸੀ ਸੰਸਦ ਭਵਨ, ਪੜ੍ਹੋ ਅੱਤਵਾਦੀ ਹਮਲੇ ਦੀ ਪੂਰੀ ਕਹਾਣੀ

ਥਾਈਲੈਂਡ ਤੇ ਮਲੇਸ਼ੀਆ ’ਚ ਖੋਲ੍ਹੇ ਹੋਏ ਸਨ ਕਾਲ ਸੈਂਟਰ

ਪਤਾ ਲੱਗਾ ਹੈ ਕਿ ਦੁਬਈ ’ਚ ਬੈਠ ਕੇ ਸੌਰਵ ਤੇ ਰਵੀ ਉੱਪਲ ਨੇ ਇਕ ਵੱਡਾ ਨੈਕਸਜ਼ ਤਿਆਰ ਕੀਤਾ ਸੀ, ਜਿਸ ਵਿਚ ਪੁਲਸ, ਬਿਊਰੋਕ੍ਰੈਟਸ ਤੇ ਸਿਆਸਤ ਨਾਲ ਸਬੰਧਤ ਕਈ ਲੋਕ ਸ਼ਾਮਲ ਕੀਤੇ ਗਏ ਸਨ। ਇਨ੍ਹਾਂ ਦੇ ਮਾਧਿਅਮ ਰਾਹੀਂ ਹੀ ਮਹਾਦੇਵ ਬੈਟਿੰਗ ਐਪ ਨੂੰ ਭਾਰਤ ’ਚ ਪ੍ਰਮੋਟ ਕੀਤਾ ਜਾ ਰਿਹਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਦੋਵਾਂ ਨੇ ਆਪਣੇ ਧੰਦੇ ਨੂੰ ਵਧਾਉਣ ਲਈ ਭਾਰਤ ਦੇ ਨਾਲ-ਨਾਲ ਥਾਈਲੈਂਡ ਤੇ ਮਲੇਸ਼ੀਆ ਵਿਚ ਵੀ ਕਾਲ ਸੈਂਟਰ ਖੋਲ੍ਹੇ ਹੋਏ ਸਨ, ਜਿਨ੍ਹਾਂ ਨੂੰ ਚੇਨ ਦੇ ਤੌਰ ’ਤੇ ਬੜੀ ਚਲਾਕੀ ਨਾਲ ਚਲਾਇਆ ਜਾ ਰਿਹਾ ਸੀ। ਇਨ੍ਹਾਂ ਕਾਲ ਸੈਂਟਰਾਂ ਦੇ ਮਾਧਿਅਮ ਰਾਹੀਂ ਭੋਲੀ-ਭਾਲੀ ਜਨਤਾ ਨੂੰ ਲਾਲਚ ਦੇ ਕੇ ਵੱਖ-ਵੱਖ ਐਪਸ ਰਾਹੀਂ ਆਨਲਾਈਨ ਸੱਟਾ ਖਿਡਾਇਆ ਜਾਂਦਾ ਸੀ। ਇਕੱਲੇ ਛੱਤੀਸਗੜ੍ਹ ’ਚ ਹੀ ਇਸ ਐਪ ਦੇ ਲਗਭਗ ਇਕ ਦਰਜਨ ਕਾਲ ਸੈਂਟਰ ਖੋਲ੍ਹੇ ਗਏ ਸਨ।

ਪੰਜਾਬ ’ਚ ਚੰਦਰ ਅਗਰਵਾਲ ’ਤੇ ਸੀ ਬੈਟਿੰਗ ਐਪ ਸਿੰਡੀਕੇਟ ਨੂੰ ਫੈਲਾਉਣ ਦੀ ਜ਼ਿੰਮੇਵਾਰੀ

ਮਹਾਦੇਵ ਬੈਟਿੰਗ ਐਪ ਦਾ ਸਬੰਧ ਸਿੱਧੇ ਤੌਰ ’ਤੇ ਪੰਜਾਬ ਨਾਲ ਵੀ ਹੈ ਕਿਉਂਕਿ ਰਵੀ ਉੱਪਲ ਤੇ ਸੌਰਵ ਚੰਦਰਾਕਰ ਦਾ ਸਾਥੀ ਚੰਦਰ ਅਗਰਵਾਲ ਜਲੰਧਰ ਨਾਲ ਸਬੰਧਤ ਹੈ। ਪਤਾ ਲੱਗਾ ਹੈ ਕਿ ਚੰਦਰ ਅਗਰਵਾਲ ਦੇ ਨਾਲ ਮਿਲ ਕੇ ਇਨ੍ਹਾਂ ਲੋਕਾਂ ਨੇ ਸੱਟੇਬਾਜ਼ੀ ਦੇ ਇਸ ਆਨਲਾਈਨ ਧੰਦੇ ਨੂੰ ਖੂਬ ਰੰਗ ਦਿੱਤਾ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਪੰਜਾਬ ’ਚ ਵੀ ਲਗਭਗ ਇਕ ਦਰਜਨ ਕਾਲ ਸੈਂਟਰ ਖੋਲ੍ਹੇ ਗਏ ਸਨ ਅਤੇ ਇਸ ਬੈਟਿੰਗ ਐਪ ਸਿੰਡੀਕੇਟ ਨੂੰ ਪੰਜਾਬ ’ਚ ਲਗਾਤਾਰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਬੜੇ ਸ਼ਾਤਿਰ ਢੰਗ ਨਾਲ ਗਰੀਬ ਤੇ ਭੋਲੇ-ਭਾਲੇ ਲੋਕਾਂ ਨੂੰ ਰਾਤੋ-ਰਾਤ ਅਮੀਰ ਬਣਨ ਦਾ ਲਾਲਚ ਦੇ ਕੇ ਉਨ੍ਹਾਂ ਪਾਸੋਂ ਮਿਹਨਤ ਦੀ ਕਮਾਈ ਸੱਟੇ ’ਚ ਲਵਾਈ ਜਾਂਦੀ ਸੀ, ਜਿਸ ਤੋਂ ਬਾਅਦ ਇਹ ਲੋਕ ਖੁਦ ਅਮੀਰ ਬਣ ਗਏ ਅਤੇ ਗਰੀਬ ਲੋਕਾਂ ਨੂੰ ਹੋਰ ਗਰੀਬ ਕਰ ਦਿੱਤਾ। ਪਤਾ ਨਹੀਂ ਕਿੰਨੇ ਹੀ ਘਰ ਇਸ ਆਨਲਾਈਨ ਜੂਏ ਦੀ ਭੇਟ ਚੜ੍ਹ ਗਏ।

ਇਹ ਵੀ ਪੜ੍ਹੋ- ਲੋਕ ਸਭਾ 'ਚ ਸੁਰੱਖਿਆ ਕੁਤਾਹੀ ਮਗਰੋਂ ਸੰਸਦ ਭਵਨ ਕੰਪਲੈਕਸ 'ਚ ਦਰਸ਼ਕਾਂ ਦੀ ਐਂਟਰੀ ਬੰਦ

ਇੰਝ ਪਹੁੰਚਦਾ ਸੀ ਪੁਲਸ, ਬਿਊਰੋਕ੍ਰੈਟਸ ਤੇ ਸਿਆਸਤਦਾਨਾਂ ਤਕ ਪੈਸਾ

ਈ. ਡੀ. ਤੇ ਹੋਰ ਜਾਂਚ ਏਜੰਸੀਆਂ ਦੀ ਰਿਪੋਰਟ ਮੁਤਾਬਕ ਬੈਟਿੰਗ ਐਪ ਸਿੰਡੀਕੇਟ ’ਚ ਅਨਿਲ ਦਮਾਨੀ ਦਾ ਨਾਂ ਵੀ ਸਾਹਮਣੇ ਆਇਆ ਹੈ, ਜੋ ਹਵਾਲਾ ਰਾਹੀਂ ਆਉਣ ਵਾਲੇ ਪੈਸੇ ਦੀ ਵਰਤੋਂ ਬੈਟਿੰਗ ਐਪ ਵਿਚ ਕਰਦਾ ਸੀ। ਇਹੀ ਪੁਲਸ, ਸਿਆਸਤਦਾਨਾਂ ਤੇ ਬਿਊਰੋਕ੍ਰੈਟਸ ਤਕ ਪੈਸਾ ਪਹੁੰਚਾਉਂਦਾ ਸੀ ਤਾਂ ਜੋ ਗਰੀਬ ਲੋਕਾਂ ਨਾਲ ਹੋ ਰਹੇ ਇਸ ਲੁੱਟ ਦੇ ਧੰਦੇ ਨੂੰ ਬਾਦਸਤੂਰ ਜਾਰੀ ਰੱਖਿਆ ਜਾ ਸਕੇ। ਅਨਿਲ ਤੇ ਸੁਨੀਲ ਦਮਾਨੀ ਦੋਵੇਂ ਭਰਾ ਇਸ ਮਾਮਲੇ ’ਚ ਸ਼ਾਮਲ ਦੱਸੇ ਜਾਂਦੇ ਹਨ ਅਤੇ ਐੱਫ. ਆਈ. ਆਰ. ’ਚ ਵੀ ਇਨ੍ਹਾਂ ਦਾ ਨਾਂ ਹੈ। ਇਹ ਦੋਵੇਂ ਹਵਾਲਾ ਦਾ ਪੈਸਾ ਛੱਤੀਸਗੜ੍ਹ ਪੁਲਸ ਦੇ ਮੁਲਾਜ਼ਮ ਚੰਦਰਭੂਸ਼ਣ ਵਰਮਾ ਤਕ ਪਹੁੰਚਾਉਂਦੇ ਸਨ, ਜੋ ਛੱਤੀਸਗੜ੍ਹ ਦੀ ਪੁਲਸ, ਬਿਊਰੋਕ੍ਰੈਟਸ ਤੇ ਸਿਆਸਤਦਾਨਾਂ ਤਕ ਇਹ ਪੈਸਾ ਪਹੁੰਚਾਉਣ ਦਾ ਕੰਮ ਕਰਦਾ ਸੀ।

ਜਿਊਲਰੀ ਸ਼ਾਪ ਦੇ ਮਾਧਿਅਮ ਰਾਹੀਂ ਚੱਲ ਰਿਹਾ ਸੀ ਹਵਾਲਾ ਕਾਰੋਬਾਰ

ਜਾਂਚ ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਇਹ ਪਤਾ ਲੱਗਾ ਹੈ ਕਿ ਅਨਿਲ ਦਮਾਨੀ ਤੋਂ ਪੁੱਛਗਿੱਛ ਕੀਤੀ ਗਈ ਹੈ, ਜਿਸ ਵਿਚ ਉਸ ਨੇ ਕਿਹਾ ਹੈ ਕਿ ਪਿਛਲੇ 2-3 ਸਾਲਾਂ ’ਚ ਉਸ ਨੇ ਆਪਣੇ ਭਰਾ ਦੇ ਨਾਲ ਮਿਲ ਕੇ ਰਵੀ ਉੱਪਲ ਦੇ ਕਹਿਣ ’ਤੇ ਲਗਭਗ 65 ਕਰੋੜ ਰੁਪਏ ਦੀ ਹਵਾਲਾ ਟਰਾਂਜ਼ੈਕਸ਼ਨ ਕੀਤੀ ਹੈ। ਇਸ ਟਰਾਂਜ਼ੈਕਸ਼ਨ ਵਿਚ ਅਨਿਲ ਦਮਾਨੀ ਨੂੰ 6 ਲੱਖ ਰੁਪਏ ਮਿਲੇ ਸਨ। ਹਵਾਲਾ ਦਾ ਕਾਰੋਬਾਰ ਜਵੈਲਰੀ ਸ਼ਾਪ ਰਾਹੀਂ ਚਲਾਇਆ ਜਾ ਰਿਹਾ ਸੀ। ਪਤਾ ਲੱਗਾ ਹੈ ਕਿ ਜਾਂਚ ਏਜੰਸੀਆਂ ਨੇ ਸੀ. ਡੀ. ਆਰ. ਕਢਵਾਈ ਹੈ, ਜਿਸ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਅਨਿਲ ਤੇ ਸੁਨੀਲ ਦੁਬਈ ’ਚ ਬੈਠੇ ਰਵੀ ਉੱਪਲ ਨਾਲ ਲਗਾਤਾਰ ਸੰਪਰਕ ਵਿਚ ਸਨ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਵੱਡੀ ਕੁਤਾਹੀ, ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ 'ਚੋਂ 2 ਨੌਜਵਾਨਾਂ ਨੇ ਮਾਰੀ ਛਾਲ

ਮਹਾਦੇਵ ਐਪ ਨਾਲ ਜੁੜੇ ਸਤੀਸ਼ ਚੰਦਰਾਕਰ ਦੇ ਨਾਮੀ ਗੈਂਗਸਟਰ ਨਾਲ ਸਬੰਧ

ਇਸ ਮਾਮਲੇ ’ਚ ਈ. ਡੀ. ਨੇ ਸਤੀਸ਼ ਚੰਦਰਾਕਰ ਨਾਂ ਦੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਕਾਲ ਸੈਂਟਰ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਰਵੀ ਉੱਪਲ ਤੇ ਸੌਰਵ ਚੰਦਰਾਕਰ ਦੇ ਇਸ ਮਾਇਆਜਾਲ ਵਿਚ ਉਹ 5 ਫੀਸਦੀ ਦਾ ਹਿੱਸੇਦਾਰ ਸੀ ਅਤੇ ਉਸ ਦਾ ਕੰਮ ਗੈਰ-ਕਾਨੂੰਨੀ ਪੈਸੇ ਦੀ ਟਰਾਂਜ਼ੈਕਸ਼ਨ ਨੂੰ ਸੰਭਾਲਣਾ ਸੀ। ਈ. ਡੀ. ਨੂੰ ਹੁਣ ਤਕ ਦੀ ਜਾਂਚ ਵਿਚ ਜਾਣਕਾਰੀ ਮਿਲੀ ਹੈ ਕਿ ਸਤੀਸ਼ ਚੰਦਰਾਕਰ ਦੇ ਸਬੰਧ ਨਾਮੀ ਗੈਂਗਸਟਰ ਅਤੇ ਡਰੱਗ ਡੌਨ ਤਪਨ ਸਰਕਾਰ ਦੇ ਨਾਲ ਵੀ ਹਨ। ਇਸ ਮਾਮਲੇ ’ਚ ਈ. ਡੀ. ਨੇ ਅਸੀਮ ਦਾਸ ਅਤੇ ਛੱਤੀਸਗੜ੍ਹ ਪੁਲਸ ਦੇ ਇਕ ਕਾਂਸਟੇਬਲ ਨੂੰ ਵੀ ਗ੍ਰਿਫਤਾਰ ਕੀਤਾ ਹੈ। ਅਸੀਮ ਦਾਸ ਪਾਸੋਂ 5.39 ਕਰੋੜ ਰੁਪਏ ਬਰਾਮਦ ਹੋਏ ਸਨ। ਅਸੀਮ ਨੇ ਇਹ ਵੀ ਮੰਨਿਆ ਸੀ ਕਿ ਇਹ ਪੈਸਾ ਉਸ ਨੂੰ ਦੁਬਈ ਤੋਂ ਸ਼ੁਭਮ ਸੋਨੀ ਨੇ ਭੇਜਿਆ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਮਹਾਦੇਵ ਐਪ ਤੋਂ ਭੂਪੇਸ਼ ਬਘੇਲ ਨੂੰ ਕਥਿਤ ਤੌਰ ’ਤੇ 508 ਕਰੋੜ ਰੁਪਏ ਮਿਲੇ ਹਨ।

ਇਹ ਵੀ ਪੜ੍ਹੋ- ਸੰਸਦ ਭਵਨ ਦੇ ਬਾਹਰ ਧੂੰਆਂ ਛੱਡਣ ਵਾਲੀ ਸਮੱਗਰੀ ਨਾਲ ਦੋ ਲੋਕ ਹਿਰਾਸਤ 'ਚ

ਇੰਝ ਜੁੜਿਆ ਸੀ ਚੰਦਰ ਅਗਰਵਾਲ ਰਵੀ ਤੇ ਸੌਰਵ ਦੇ ਨਾਲ

ਰਵੀ ਉੱਪਲ ਦਾ ਬੇਹੱਦ ਨਜ਼ਦੀਕੀ ਅਤੇ ਰਾਈਟ ਹੈਂਡ ਦੱਸਿਆ ਜਾਂਦਾ ਸੌਰਵ ਚੰਦਰਾਕਰ ਵੀ ਕੋਈ ਘੱਟ ਸ਼ੌਕੀਨ ਨਹੀਂ ਹੈ। ਉਸ ਨੇ ਵੀ ਪੈਸਾ ਉਡਾਉਣ ’ਚ ਕਦੇ ਕੋਈ ਕਮੀ ਨਹੀਂ ਛੱਡੀ। ਨਗਰ ਨਿਗਮ ’ਚ ਇਕ ਪੰਪ ਆਪ੍ਰੇਟਰ ਦਾ ਬੇਟਾ, ਜੋ ਕਦੇ ਜੂਸ ਦੀ ਦੁਕਾਨ ਚਲਾਉਂਦਾ ਸੀ ਅਤੇ ਬਾਅਦ ’ਚ ਦੁਬਈ ਚਲਾ ਗਿਆ ਸੀ, ਉਸ ਨੇ ਰਵੀ ਉੱਪਲ ਨੂੰ ਵੀ 2019 ’ਚ ਦੁਬਈ ਸੱਦਿਆ ਸੀ। ਉੱਥੇ ਦੋਵਾਂ ਨੇ ਜਦੋਂ ਮਹਾਦੇਵ ਐਪ ਲਾਂਚ ਕੀਤੀ ਤਾਂ ਉਸ ਤੋਂ ਬਾਅਦ ਨਵੇਂ ਯੂਜ਼ਰਜ਼ ਅਤੇ ਫਰੈਂਚਾਇਜ਼ੀ ਜੋੜਨ ਲਈ ਬਾਕਾਇਦਾ ਇਸ਼ਤਿਹਾਰ ਜਾਰੀ ਕੀਤੇ। ਇਨ੍ਹਾਂ ਇਸ਼ਤਿਹਾਰਾਂ ਦੇ ਮਾਧਿਅਮ ਰਾਹੀਂ ਹੀ ਜਲੰਧਰ ਤੋਂ ਰੀਅਲ ਅਸਟੇਟ ਕਾਰੋਬਾਰੀ ਚੰਦਰ ਅਗਰਵਾਲ ਇਨ੍ਹਾਂ ਨੂੰ ਮਿਲਿਆ ਸੀ। ਪਤਾ ਲੱਗਾ ਹੈ ਕਿ ਫਰਵਰੀ 2023 ’ਚ ਸੌਰਵ ਚੰਦਰਾਕਰ ਨੇ ਦੁਬਈ ’ਚ ਆਲੀਸ਼ਾਨ ਆਯੋਜਨ ਕੀਤਾ ਸੀ, ਜਿਸ ਵਿਚ ਉਸ ਦਾ ਵਿਆਹ ਹੋਇਆ। ਇਸ ਵਿਆਹ ’ਤੇ ਲਗਭਗ 200 ਕਰੋੜ ਰੁਪਏ ਖਰਚ ਕੀਤੇ ਗਏ। ਪਰਿਵਾਰ ਦੇ ਮੈਂਬਰਾਂ ਨੂੰ ਬਾਕਾਇਦਾ ਨਾਗਪੁਰ ਤੋਂ ਦੁਬਈ ਲਿਜਾਣ ਲਈ ਪ੍ਰਾਈਵੇਟ ਜੈੱਟ ਦੀ ਵਰਤੋਂ ਕੀਤੀ ਗਈ।

ਸੌਰਵ ਦੇ ਵਿਆਹ ’ਚ ਸ਼ਾਮਲ ਹੋਈਆਂ ਸਨ 17 ਬਾਲੀਵੁੱਡ ਹਸਤੀਆਂ

ਈ. ਡੀ. ਨੂੰ ਇਸ ਗੱਲ ਦੇ ਸਬੂਤ ਮਿਲੇ ਹਨ ਕਿ ਦੁਬਈ ’ਚ ਸੌਰਵ ਚੰਦਰਾਕਰ ਦੇ ਆਲੀਸ਼ਾਨ ਵਿਆਹ ਵਿਚ ਆਰ ਵਨ ਈਵੈਂਟਸ ਪ੍ਰਾ. ਲਿਮ. ਨਾਂ ਦੀ ਈਵੈਂਟ ਮੈਨੇਜਮੈਂਟ ਕੰਪਨੀ ਨੂੰ ਹਾਇਰ ਕੀਤਾ ਗਿਆ ਸੀ ਅਤੇ ਹਵਾਲਾ ਰਾਹੀਂ ਲਗਭਗ 112 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਈ. ਡੀ. ਨੂੰ ਮਿਲੀ ਜਾਣਕਾਰੀ ਮੁਤਾਬਕ 42 ਕਰੋੜ ਰੁਪਏ ਦੀ ਹੋਟਲ ਬੁਕਿੰਗ ਨਕਦ ਭੁਗਤਾਨ ਕਰ ਕੇ ਕੀਤੀ ਗਈ ਸੀ। ਇਸ ਵਿਆਹ ਵਿਚ ਮਸ਼ਹੂਰ ਫਿਲਮੀ ਹਸਤੀਆਂ ਸ਼ਾਮਲ ਹੋਈਆਂ ਸਨ। ਈਵੈਂਟ ਵਿਚ ਵੈਡਿੰਗ ਪਲਾਨਰ, ਡਾਂਸਰ, ਡੈਕੋਟੇਰਟਰ ਆਦਿ ਨੂੰ ਮੁੰਬਈ ਤੋਂ ਖਾਸ ਤੌਰ ’ਤੇ ਲਿਆਂਦਾ ਗਿਆ ਸੀ। ਇਸ ਵਿਆਹ ਵਿਚ 17 ਬਾਲੀਵੁੱਡ ਹਸਤੀਆਂ ਨੂੰ ਚਾਰਟਰਡ ਪਲੇਨ ਰਾਹੀਂ ਦੁਬਈ ਲਿਆਂਦਾ ਗਿਆ ਸੀ ਅਤੇ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਸਟੇਜ ਪ੍ਰਫਾਰਮੈਂਸ ਵੀ ਦਿੱਤੀ ਸੀ। ਇਨ੍ਹਾਂ ਸਾਰੇ ਕਲਾਕਾਰਾਂ ਨੂੰ ਹਵਾਲਾ ਰਾਹੀਂ ਪੈਸਾ ਟਰਾਂਸਫਰ ਕੀਤੇ ਜਾਣ ਦਾ ਵੀ ਦੋਸ਼ ਲੱਗਾ ਹੈ। ਉੱਧਰ ਰਣਬੀਰ ਕਪੂਰ ’ਤੇ ਵੀ ਇਹ ਦੋਸ਼ ਹੈ ਕਿ ਉਸ ਨੇ ਮਹਾਦੇਵ ਆਨਲਾਈਨ ਬੈਟਿੰਗ ਐਪ ਦੀ ਇਕ ਹੋਰ ਸਹਿਯੋਗੀ ਐਪ ਨੂੰ ਪ੍ਰਮੋਟ ਕੀਤਾ ਸੀ।

ਇਹ ਵੀ ਪੜ੍ਹੋ- ਸੰਸਦ 'ਚ ਉਠੀ ਮੰਗ, ਪੂਰੇ ਦੇਸ਼ 'ਚ 500 ਰੁਪਏ 'ਚ ਮਿਲੇ ਰਸੋਈ ਗੈਸ ਸਿਲੰਡਰ

ਜਲੰਧਰ ’ਚ ਕੁਝ ਵੱਡਾ ਲੱਭ ਰਿਹਾ ਹੈ ਦਿੱਲੀ ਪੁਲਸ ਦਾ ਸਪੈਸ਼ਲ ਸੈੱਲ

ਮਹਾਦੇਵ ਐਪ ਸਬੰਧੀ ਮੁੰਬਈ ’ਚ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਜਲੰਧਰ ਤੋਂ ਚੰਦਰ ਅਗਰਵਾਲ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੁਲਸ ਲਗਾਤਾਰ ਸਰਗਰਮੀ ਨਾਲ ਜਾਂਚ ਕਰ ਰਹੀ ਹੈ। ਪਤਾ ਲੱਗਾ ਹੈ ਕਿ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ 2 ਦਿਨ ਸ਼ਹਿਰ ਵਿਚ ਰਹਿ ਕੇ ਗਈ ਹੈ ਅਤੇ ਜਾਂਚ ਤਹਿਤ ਚੰਦਰ ਅਗਰਵਾਲ ਨਾਲ ਜੁੜਿਆ ਕਾਫੀ ਡਾਟਾ ਫਰੋਲ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੰਬਈ ਪੁਲਸ ਦੀ ਟੀਮ ਤੋਂ ਪਹਿਲਾਂ ਜਲੰਧਰ ਵਿਚ 2 ਦਿਨ ਤਕ ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੇ ਡੇਰਾ ਲਾਈ ਰੱਖਿਆ।

ਦੱਸਣਯੋਗ ਹੈ ਕਿ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਵੀ ਇਸ ਮਾਮਲੇ ’ਚ ਡਾਟਾ ਇਕੱਠਾ ਕਰ ਰਹੀ ਹੈ। ਦਿੱਲੀ ਸਪੈਸ਼ਲ ਸੈੱਲ ਦੀ ਟੀਮ ਦੇ ਹੱਥ ਵਿਚ ਮਹਾਦੇਵ ਐਪ ਨਾਲ ਸਬੰਧਤ ਕੁਝ ਰਿਕਾਰਡ ਲੱਗਾ ਹੈ, ਜਿਸ ਤੋਂ ਬਾਅਦ ਟੀਮ ਜਾਂਚ ਵਿਚ ਜੁਟ ਗਈ ਹੈ। ਸੂਤਰ ਤਾਂ ਇਹ ਵੀ ਦੱਸ ਰਹੇ ਹਨ ਕਿ ਟੀਮ ਵਲੋਂ ਸ਼ਹਿਰ ਵਿਚ ਕੋਈ ਵੱਡੀ ਗ੍ਰਿਫਤਾਰੀ ਕਰਨ ਦੀ ਵੀ ਯੋਜਨਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News