ਬੈਲਗੱਡੀ ਦੀ ਟੱਕਰ ’ਚ ਸੀਨੇ ਦੇ ਆਰ-ਪਾਰ ਹੋਈ ਲੱਕੜ, ਡਾਕਟਰਾਂ ਨੇ ਇੰਝ ਬਚਾਈ ਜਾਨ
Thursday, May 27, 2021 - 04:02 PM (IST)
ਸਾਗਰ- ਕਹਿੰਦੇ ਨੇ ਜਿਸ ਦੇ ਸਿਰ ’ਤੇ ਰੱਬ ਦਾ ਹੱਥ ਹੋਵੇ, ਉਸ ਦਾ ਕੋਈ ਵਾਲ ਵੀ ਵਿਗ੍ਹਾ ਨਹੀਂ ਕਰ ਸਕਦਾ। ਅਜਿਹਾ ਹੀ ਹੋਇਆ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਇਕ ਨੌਜਵਾਨ ਨਾਲ, ਜਿਸ ਦੇ ਸੀਨੇ ਨੂੰ ਚੀਰਦੇ ਹੋਏ ਇਕ ਲੱਕੜ ਆਰ-ਪਾਰ ਹੋ ਗਈ। ਡਾਕਟਰਾਂ ਦੀ 5 ਘੰਟਿਆਂ ਦੀ ਸਖ਼ਤ ਮਿਹਨਤ ਸਦਕਾ ਆਪਰੇਸ਼ਨ ਮਗਰੋਂ ਨੌਜਵਾਨ ਦੀ ਜਾਨ ਬਚ ਗਈ। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਦੇਵਰੀ ਮਾਨੇਗਾਂਵ ਦਾ ਰਹਿਣ ਵਾਲਾ 18 ਸਾਲਾ ਸ਼ਿਵਮ ਰਾਜਪੂਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਸ਼ਿਵਮ ਦੀ ਮੋਟਰਸਾਈਕਲ ਇਕ ਬੈਲਗੱਡੀ ਨਾਲ ਟਕਰਾ ਗਈ ਸੀ। ਇਸ ਹਾਦਸੇ ਵਿਚ ਬੈਲਗੱਜੀ ਦੀ ਲੱਕੜ ਸ਼ਿਵਮ ਦੇ ਸੀਨੇ ਤੋਂ ਆਰ-ਪਾਰ ਹੋ ਗਈ ਸੀ ਅਤੇ ਇਸ ਨਾਲ ਸ਼ਿਵਮ ਦਾ ਇਕ ਫ਼ੇਫੜਾ ਫਟ ਗਿਆ ਸੀ ਪਰ ਪਰਮਾਤਮਾ ਦੀ ਮਿਹਰ ਸਦਕਾ ਉਸ ਦਾ ਦਿਲ ਪੂਰੀ ਤਰ੍ਹਾਂ ਸੁਰੱਖਿਆ ਬਚ ਗਿਆ। ਹਾਦਸੇ ਵਿਚ ਬੈਲਗੱਡੀ ’ਤੇ ਸ਼ਿਵਮ ਫਸਿਆ ਰਹਿ ਗਿਆ।
ਹਾਦਸੇ ਤੋਂ ਬਾਅਦ ਸ਼ਿਵਮ ਨੂੰ ਸਿਹਤ ਕੇਂਦਰ ਲਿਆਂਦਾ ਗਿਆ, ਜਿੱਥੋਂ ਉਸ ਨੂੰ ਸਾਗਰ ਦੇ ਇਕ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪ੍ਰਾਈਵੇਟ ਹਸਪਤਾਲ ਦੇ 4 ਡਾਕਟਰਾਂ ਦੀ ਟੀਮ ਨੇ 5 ਘੰਟੇ ਆਪਰੇਸ਼ਨ ਤੋਂ ਬਾਅਦ ਲੱਕੜ ਨੂੰ ਬਾਹਰ ਕੱਢ ਕੇ ਸ਼ਿਵਮ ਦੀ ਜਾਨ ਬਚਾ ਲਈ, ਸ਼ਿਵਮ ਹੁਣ ਖ਼ਤਰੇ ਤੋਂ ਬਾਹਰ ਹੈ।
ਡਾਕਟਰਾਂ ਮੁਤਾਬਕ ਇਹ ਕੇਸ ਬਹੁਤ ਚੁਣੌਤੀ ਭਰਿਆ ਸੀ। ਕਾਫ਼ੀ ਮੁਸ਼ੱਕਤ ਮਗਰੋਂ 4 ਡਾਕਟਰਾਂ ਦੀ ਟੀਮ ਨੇ ਆਪਰੇਸ਼ਨ ਜ਼ਰੀਏ ਲੱਕੜ ਨੂੰ ਬਾਹਰ ਕੱਢਿਆ। ਮਰੀਜ਼ ਵੈਂਟੀਲੇਟਰ ਤੋਂ ਬਾਹਰ ਆ ਗਿਆ ਹੈ ਅਤੇ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਡਾਕਟਰਾਂ ਮੁਤਾਬਕ ਦਿਲ ਅਤੇ ਉਸ ਤੱਕ ਖੂਨ ਪਹੁੰਚਾਉਣ ਵਾਲੀਆਂ ਨਸਾਂ ਨੂੰ ਇਸ ਨਾਲ ਕੋਈ ਨੁਕਸਾਨ ਨਹੀਂ ਪਹੁੰਚਿਆ ਸੀ, ਜਿਸ ਕਾਰਨ ਨੌਜਵਾਨ ਦੀ ਜਾਨ ਬਚ ਸਕੀ।