ਸਰਕਾਰ ਬਣਨ ਤੋਂ 29 ਦਿਨ ਬਾਅਦ ਸ਼ਿਵਰਾਜ ਕੈਬਨਿਟ ਦਾ ਵਿਸਥਾਰ, ਸਿੰਧਿਆ ਸਮਰਥਕਾਂ ਨੂੰ ਵੀ ਮਿਲੀ ਥਾਂ

04/21/2020 4:43:32 PM

ਭੋਪਾਲ (ਏਜੰਸੀਆਂ)- ਮੱਧ ਪ੍ਰਦੇਸ਼ ਵਿਚ ਸੱਤਾ ਵਿਚ ਵਾਪਸੀ ਕਰਨ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਮੰਗਲਵਾਰ ਨੂੰ ਆਪਣੀ ਕੈਬਨਿਟ ਦਾ ਵਿਸਥਾਰ ਕੀਤਾ। 29 ਦਿਨਾਂ ਬਾਅਦ ਕੈਬਨਿਟ ਵਿਸਥਾਰ ਵਿਚ 5 ਮੰਤਰੀਆਂ ਨੂੰ ਸਹੂੰ ਚੁਕਾਈ ਗਈ ਹੈ, ਇਸ ਵਿਚ ਕਾਂਗਰਸ ਤੋਂ ਭਾਜਪਾ ਵਿਚ ਆਏ ਜਯੋਤੀਰਾਦਿਤਿਆ ਸਿੰਧਿਆ ਦੇ ਸਮਰਥਕ ਵੀ ਸ਼ਾਮਲ ਹਨ। ਸਹੂੰ ਚੁੱਕਣ ਦੌਰਾਨ ਰਾਜਭਵਨ ਵਿਚ ਮੰਤਰੀ ਸਣੇ ਕਈ ਨੇਤਾ ਮਾਸਕ ਪਹਿਨੇ ਨਜ਼ਰ ਆਏ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਗਿਆ।

ਜਿਹਨਾਂ ਮੰਤਰੀਆਂ ਨੇ ਸਹੂੰ ਚੁੱਕੀ ਉਹਨਾਂ ਵਿਚੋਂ ਤੁਲਸੀਰਾਮ ਸਿਲਾਵਟ ਤੇ ਗੋਵਿੰਦ ਸਿੰਘ ਰਾਜਪੂਤ ਦੀ ਗਿਣਤੀ ਜਯੋਤੀਰਾਦਿਤਿਆ ਸਿੰਧਿਆ ਦੇ ਸਮਰਥਕਾਂ ਵਿਚ ਹੁੰਦੀ ਹੈ। ਅਜਿਹੇ ਵਿਚ ਸਾਫ ਹੈ ਕਿ ਕਾਂਗਰਸ ਦਾ ਪੱਲਾ ਛੱਡ ਭਾਜਪਾ ਵਿਚ ਆਏ ਸਿੰਧਿਆ ਦਾ ਸਰਕਾਰ ਦੇ ਗਠਨ ਵਿਚ ਵੱਡਾ ਰੋਲ ਰਿਹਾ ਹੈ। ਰਾਜਭਵਨ ਵਿਚ ਰਾਜਪਾਲ ਲਾਲਾਜੀ ਟੰਡਨ ਨੇ ਸਾਰੇ ਨਵੇਂ ਮੰਤਰੀਆਂ ਨੂੰ ਸਹੂੰ ਚੁਕਾਈ। ਇਸ ਦੌਰਾਨ ਭਾਜਪਾ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਊਮਾ ਭਾਰਤੀ ਵੀ ਉਥੇ ਮੌਜੂਦ ਰਹੀ।

ਮੱਧ ਪ੍ਰਦੇਸ਼ ਵਿਧਾਨਸਭਾ ਵਿਚ ਕੁੱਲ 230 ਸੀਟਾਂ ਹਨ। ਇਸ ਹਿਸਾਬ ਨਾਲ ਸਰਕਾਰ ਵਿਚ ਮੁੱਖ ਮੰਤਰੀ ਸਣੇ ਕੁੱਲ 35 ਵਿਧਾਇਕ ਮੰਤਰੀ ਬਣ ਸਕਦੇ ਹਨ। ਸ਼ਿਵਰਾਜ ਦੀ ਨਵੀਂ ਸਰਕਾਰ ਵਿਚ ਸਮਾਜਿਕ ਸਮੀਕਰਣ ਤੇ ਖੇਤਰੀ ਸੰਤੁਲਨ ਬਣਾਉਣ ਦੀ ਕਵਾਇਦ ਦਿਖੀ।

ਸਿਹਤ ਮੰਤਰੀ ਨਾ ਹੋਣ ਕਾਰਣ ਵਿਰੋਧੀ ਧਿਰ ਵਿੰਨ੍ਹ ਰਿਹਾ ਸੀ ਨਿਸ਼ਾਨਾ
ਜ਼ਿਕਰਯੋਗ ਹੈ ਕਿ ਇਕ ਪਾਸੇ ਦੇਸ਼ ਵਿਚ ਲਾਕਡਾਊਨ ਲੱਗਿਆ ਹੋਇਆ ਹੈ ਤੇ ਇਸ ਦੌਰਾਨ ਕਿਸੇ ਤਰ੍ਹਾਂ ਦੇ ਸਿਆਸੀ ਪ੍ਰੋਗਰਾਮ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ। ਇਸ ਸਭ ਦੇ ਵਿਚਾਲੇ ਅੱਜ ਸ਼ਿਵਰਾਜ ਸਰਕਾਰ ਦਾ ਕੈਬਨਿਟ ਵਿਸਥਾਰ ਹੋਇਆ। ਕੋਰੋਨਾ ਸੰਕਟ ਦੇ ਵਿਚਾਲੇ ਸੂਬੇ ਵਿਚ ਗ੍ਰਹਿ ਜਾਂ ਸਿਹਤ ਮੰਤਰੀ ਨਾ ਹੋਣ ਕਾਰਣ ਵਿਰੋਧੀ ਧਿਰ ਸ਼ਿਵਰਾਜ ਸਿੰਘ ਚੌਹਾਨ 'ਤੇ ਨਿਸ਼ਾਨਾ ਵਿੰਨ੍ਹ ਰਿਹਾ ਸੀ।

ਇਹਨਾਂ ਨੇ ਚੁੱਕੀ ਸਹੂੰ
ਨਰੋਤਮ ਮਿਸ਼ਰਾ
ਕਮਲ ਪਟੇਲ
ਮੀਨਾ ਸਿੰਘ
ਤੁਲਸੀਰਾਮ ਸਿਲਾਵਟ
ਗੋਵਿੰਦ ਸਿੰਘ ਰਾਜਪੂਤ

ਕੈਬਨਿਟ ਚੁਣਨ ਵਿਚ ਸ਼ਿਵਰਾਜ ਦੀ ਨਹੀਂ ਚੱਲੀ
ਜਿਹਨਾਂ ਪੰਜ ਮੰਤਰੀਆਂ ਨੇ ਸਹੂੰ ਚੁੱਕੀ ਹੈ ਉਹਨਾਂ ਵਿਚ ਕਮਲ ਪਟੇਲ ਦਾ ਨਾਂ ਹੈਰਾਨ ਕਰਨ ਵਾਲਾ ਸੀ। ਕਮਲ ਪਟੇਲ ਸਾਬਕਾ ਮੁੱਖ ਮੰਤਰੀ ਊਮਾ ਭਾਰਤੀ ਦੇ ਵੱਲ ਮੰਨੇ ਜਾਂਦੇ ਹਨ। ਸ਼ਿਵਰਾਜ ਦੀ ਪਿਛਲੀ ਸਰਕਾਰ ਵਿਚ ਵੀ ਮੰਤਰੀ ਰਹੇ ਹਨ। ਉਸ ਦੌਰਾਨ ਉਹਨਾਂ ਨੇ ਆਪਣੀ ਹੀ ਸਰਕਾਰ 'ਤੇ ਗੈਰ-ਕਾਨੂੰਨੀ ਖੋਦਾਈ ਨੂੰ ਲੈ ਕੇ ਕਈ ਤਰ੍ਹਾਂ ਦੇ ਦੋਸ਼ ਲਾਏ ਸਨ। ਮੰਨਿਆ ਜਾ ਰਿਹਾ ਸੀ ਕਿ ਸ਼ਿਵਰਾਜ ਉਹਨਾਂ ਨੂੰ ਕੈਬਨਿਟ ਵਿਚ ਸ਼ਾਮਲ ਨਹੀਂ ਕਰਨਗੇ ਪਰ ਅਜਿਹਾ ਨਹੀਂ ਹੋ ਸਕਿਆ ਹੈ। ਇਸ ਤੋਂ ਇਲਾਵਾ ਸੋਮਵਾਰ ਤੱਕ ਮੁੱਖ ਮੰਤਰੀ ਸ਼ਿਵਰਾਜ ਗੋਪਾਲ ਭਾਰਗਵ ਤੇ ਭੁਪੇਂਦਰ ਸਿੰਘ ਨੂੰ ਮੰਤਰੀ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਸਨ ਪਰ ਉਹਨਾਂ ਨੂੰ ਵੀ ਕੈਬਨਿਟ ਵਿਚ ਥਾਂ ਨਹੀਂ ਮਿਲੀ ਹੈ। ਕੈਬਨਿਟ ਵਿਸਥਾਰ ਵਿਚ ਇਹਨਾਂ ਫੈਸਲਿਆਂ ਦੇ ਕਾਰਣ ਸਵਾਲ ਉੱਠ ਰਹੇ ਹਨ ਕਿ ਕੀ ਮੰਤਰੀਆਂ ਨੂੰ ਚੁਣਨ ਵਿਚ ਮੁੱਖ ਮੰਤਰੀ ਸਿਵਰਾਜ ਦੇ ਮਨ ਦੀ ਨਹੀਂ ਚੱਲੀ ਹੈ। 


Baljit Singh

Content Editor

Related News