ਭੋਪਾਲ ’ਚ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਪੁਲਸ ਨੇ ਜ਼ਬਰਨ ਉਠਾਇਆ, ਟੈਂਟ ਵੀ ਖੋਲ੍ਹ ਕੇ ਲੈ ਗਈ

Saturday, Jan 23, 2021 - 10:58 AM (IST)

ਭੋਪਾਲ— ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਅੱਜ 59ਵਾਂ ਦਿਨ ਹੈ। ਦਿੱਲੀ ’ਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹੋਰ ਸੂਬਿਆਂ ਦੇ ਕਿਸਾਨਾਂ ਤੋਂ ਸਮਰਥਨ ਮਿਲ ਰਿਹਾ ਹੈ। ਇਸ ਅੰਦੋਲਨ ਦਾ ਸੇਕ ਮੱਧ ਪ੍ਰਦੇਸ਼ ਤੱਕ ਵੀ ਪੁੱਜ ਗਿਆ ਹੈ। ਅੰਦੋਲਨ ਦੇ ਸਮਰਥਨ ’ਚ ਮੱਧ ਪ੍ਰਦੇਸ਼ ਦੇ ਭੋਪਾਲ ’ਚ ਬੈਠੇ ਕਿਸਾਨਾਂ ਨੂੰ ਸ਼ੁੱਕਰਵਾਰ ਦੇਰ ਰਾਤ ਪੁਲਸ ਨੇ ਜ਼ਬਰਨ ਉਠਾ ਦਿੱਤਾ। ਬਸ ਇੰਨਾ ਹੀ ਨਹੀਂ ਪੁਲਸ ਮੌਕੇ ਤੋਂ ਟੈਂਟ ਅਤੇ ਮਾਈਕ ਵੀ ਖੋਲ੍ਹ ਕੇ ਲੈ ਗਈ। ਅਖਿਲ ਭਾਰਤੀ ਕ੍ਰਾਂਤੀਕਾਰੀ ਕਿਸਾਨ ਸਭਾ ਮੱਧ ਪ੍ਰਦੇਸ਼ ਦੇ ਕਨਵੀਨਰ ਵਿਜੇ ਕੁਮਾਰ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਸਮਰਥਨ ’ਚ ਭੋਪਾਲ ਦੇ ਕਰੋਂਦ ਖੇਤੀ ਉਪਜ ਮੰਡੀ ਦੇ ਗੇਟ ਦੇ ਸਾਹਮਣੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਚੱਲ ਰਹੇ ਸ਼ਾਂਤੀਪੂਰਨ ਧਰਨੇ ਨੂੰ ਅੱਧੀ ਰਾਤ ਚੁੱਕਿਆ ਗਿਆ। 

PunjabKesari

ਵਿਜੇ ਨੇ ਕਿਹਾ ਕਿ ਪੁਲਸ ਦੀ ਅਜਿਹੀ ਕਾਰਵਾਈ ਕਿਸਾਨ ਵਿਰੋਧੀ ਚਿਹਰੇ ਨੂੰ ਉਜਾਗਰ ਕਰਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿਵਰਾਜ ਸਰਕਾਰ ਦੇ ਇਸ ਰਵੱਈਏ ਦੀ ਅਸੀਂ ਨਿੰਦਾ ਕਰਦੇ ਹਾਂ। ਖ਼ੁਦ ਨੂੰ ਕਿਸਾਨ ਕਹਿਣ ਵਾਲੇ ਮੁੱਖ ਮਤੰਰੀ ਸ਼ਿਵਰਾਜ ਸਿੰਘ ਚੌਹਾਨ ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਵੀ ਨਹੀਂ ਦੇ ਰਹੇ ਹਨ। ਮੱਧ ਪ੍ਰਦੇਸ਼ ਵਿਚ ਕਿਸਾਨ ਅੰਦੋਲਨ ਨੂੰ ਜ਼ਬਰਦਸਤੀ ਦਬਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਭੋਪਾਲ ’ਚ 21 ਜਨਵਰੀ ਦੀ ਰਾਤ ਧਰਨਾ ਸ਼ੁਰੂ ਕੀਤਾ ਸੀ ਪਰ ਇਹ ਧਰਨਾ 48 ਘੰਟੇ ਵੀ ਨਹੀਂ ਚੱਲ ਸਕਿਆ ਅਤੇ ਪੁਲਸ ਨੇ ਇਸ ਨੂੰ ਹਟਾ ਦਿੱਤਾ। ਹਾਲਾਂਕਿ ਇਹ ਅਜੇ ਸਾਫ਼ ਨਹੀਂ ਹੋ ਸਕਿਆ ਹੈ ਕਿ ਜਥੇਬੰਦੀਆਂ ਨੇ ਇਸ ਲਈ ਇਜਾਜ਼ਤ ਲਈ ਸੀ ਜਾਂ ਨਹੀਂ।


Tanu

Content Editor

Related News