ਅਯੁੱਧਿਆ ’ਤੇ ਫੈਸਲੇ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ’ਚ ਪੁਲਸ ਕਰਮਚਾਰੀਆਂ ਦੀ ਛੁੱਟੀ ਰੱਦ
Sunday, Nov 03, 2019 - 01:52 AM (IST)

ਭੋਪਾਲ – ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਮਾਲਕਾਨਾ ਹੱਕ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਸਰਕਾਰ ਨੇ ਸੂਬੇ ਦੇ ਪੁਲਸ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰਨ ਦਾ ਫੈਸਲਾ ਲਿਆ ਹੈ। ਮੱਧ ਪ੍ਰਦੇਸ਼ ਪੁਲਸ ਹੈੱਡਕੁਆਰਟਰ ਨੇ ਸਾਰੇ ਪੁਲਸ ਮੁਖੀਆਂ ਅਤੇ ਹੋਰ ਅਧਿਕਾਰੀਆਂ ਨੂੰ ਸ਼ੁੱਕਰਵਾਰ ਨੂੰ ਜਾਰੀ ਪੱਤਰ ’ਚ ਕਿਹਾ ਕਿ ਨਵੰਬਰ ਮਹੀਨੇ ’ਚ ਆਉਣ ਵਾਲੇ ਤਿਉਹਾਰਾਂ ਮਿਲਾਦ-ਉਨ-ਨਬੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਦੇ ਸੰਭਾਵਿਤ ਫੈਸਲੇ ਦੇ ਮੱਦੇਨਜ਼ਰ ਆਪਸੀ ਭਾਈਚਾਰਾ ਬਣਾਈ ਰੱਖਣ ਅਤੇ ਕਾਨੂੰਨ ਵਿਵਸਥਾ ਨੂੰ ਧਿਆਨ ’ਚ ਰੱਖਦੇ ਹੋਏ 1 ਨਵੰਬਰ 2019 ਤੋਂ ਅਗਲੇ ਹੁਕਮਾਂ ਤਕ ਸਾਰੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ’ਤੇ ਪਾਬੰਦੀ ਲਾਈ ਜਾਂਦੀ ਹੈ। ਇਸ ਸਮੇਂ ਦੌਰਾਨ ਐਮਰਜੈਂਸੀ ਹਾਲਾਤ ’ਚ ਲੋੜ ਪੈਣ ’ਤੇ ਸਬੰਧਿਤ ਪੁਲਸ ਮੁਖੀ/ਜ਼ੋਨਲ ਪੁਲਸ ਇੰਸਪੈਕਟਰ ਜਨਰਲ ਸੀਮਤ ਸਮੇਂ ਲਈ ਛੁੱਟੀ ਸਵੀਕਾਰ ਕਰ ਸਕਣਗੇ।