ਨਹੀਂ ਰਹੇ ਲਾਲਜੀ ਟੰਡਨ, ਪੀ. ਐੱਮ. ਮੋਦੀ ਨੇ ਟਵੀਟ ਕਰ ਜਤਾਇਆ ਦੁੱਖ
Tuesday, Jul 21, 2020 - 10:01 AM (IST)
ਲਖਨਊ— ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਮੰਗਲਵਾਰ ਸਵੇਰੇ ਉਨ੍ਹਾਂ ਦੇ ਬੇਟੇ ਆਸ਼ੁਤੋਸ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਲਾਲਜੀ ਟੰਡਨ ਕਈ ਦਿਨਾਂ ਤੋਂ ਬੀਮਾਰ ਸਨ ਅਤੇ ਹਸਪਤਾਲ ਵਿਚ ਭਰਤੀ ਸਨ। ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ 'ਚ 3 ਦਿਨ ਦਾ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਟੰਡਨ ਨੂੰ ਪਿਛਲੇ ਮਹੀਨੇ 11 ਜੂਨ ਨੂੰ ਸਾਹ ਲੈਣ ਵਿਚ ਤਕਲੀਫ਼, ਬੁਖਾਰ ਅਤੇ ਪਿਸ਼ਾਬ ਸੰਬੰਧੀ ਸਮੱਸਿਆ ਕਾਰਨ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਨੂੰ ਮੱਧ ਪ੍ਰਦੇਸ਼ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਭਾਜਪਾ ਦੇ ਸੀਨੀਅਰ ਨੇਤਾ ਲਾਲਜੀ ਟੰਦਡਨ ਦੇ ਦਿਹਾਂਤ 'ਤੇ ਸੋਗ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਾਜ ਲਈ ਕੀਤੇ ਅਣਥੱਕ ਕੋਸ਼ਿਸ਼ਾਂ ਲਈ ਸਦਾ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਸ਼੍ਰੀ ਲਾਲਜੀ ਟੰਡਨ ਨੂੰ ਸਮਾਜ ਦੀ ਸੇਵਾ ਲਈ ਕੀਤੀਆਂ ਗਈਆਂ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਲਈ ਯਾਦ ਕੀਤਾ ਜਾਵੇਗਾ। ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਮਜ਼ਬੂਤ ਕਰਨ 'ਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਮੋਦੀ ਨੇ ਕਿਹਾ ਕਿ ਟੰਡਨ ਨੇ ਇਕ ਪ੍ਰਭਾਵੀ ਪ੍ਰਸ਼ਾਸਕ ਦੇ ਰੂਪ ਵਿਚ ਆਪਣੀ ਪਹਿਚਾਣ ਬਣਾਈ ਅਤੇ ਜਨ ਕਲਿਆਣ ਨੂੰ ਹਮੇਸ਼ਾ ਮਹੱਤਵ ਦਿੱਤਾ। ਟੰਡਨ ਸੰਵਿਧਾਨਕ ਮਾਮਲਿਆਂ ਦੇ ਚੰਗੇ ਜਾਣਕਾਰ ਸਨ। ਮਰਹੂਮ ਅਟਲ ਬਿਹਾਰੀ ਵਾਜਪਾਈ ਨਾਲ ਉਨ੍ਹਾਂ ਦੇ ਕਰੀਬੀ ਸੰਬੰਧ ਸਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਇਸ ਸੋਗ ਦੀ ਘੜੀ ਵਿਚ ਟੰਡਨ ਦੇ ਪਰਿਵਾਰ ਅਤੇ ਸ਼ੁੱਭ ਚਿੰਤਕਾਂ ਨਾਲ ਮੇਰੀ ਹਮਦਰਦੀ ਹੈ। ਓਮ ਸ਼ਾਂਤੀ।