ਮੱਧ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਦਾ ਬਿਆਨ- ਕਿਸਾਨ ਨਹੀਂ ਵਿਚੋਲੇ ਕਰ ਰਹੇ ਖੇਤੀ ਕਾਨੂੰਨਾਂ ਦਾ ਵਿਰੋਧ

12/16/2020 5:59:46 PM

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਬੁੱਧਵਾਰ ਯਾਨੀ ਕਿ ਅੱਜ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਲੋਕ ਵਿਚੋਲੇ ਹਨ, ਉਹ ਅਸਲੀ ਕਿਸਾਨ ਨਹੀਂ ਹਨ। ਪਟੇਲ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੇਂ ਖੇਤੀ ਨਿਯਮਾਂ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਅਸਲ ਕੀਮਤ ਮਿਲੇਗੀ ਅਤੇ ਵਪਾਰ, ਨਿਰਯਾਤ ਅਤੇ ਫੂਡ ਪ੍ਰੋਸੈਸਿੰਗ ਇਕਾਈਆਂ ਤੇ ਗੋਦਾਮਾਂ ਦੀ ਸਥਾਪਨਾ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਵਿਚੋਲੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਹੁਤ ਘੱਟ ਕੀਮਤਾਂ 'ਤੇ ਖਰੀਦਦੇ ਸਨ ਅਤੇ 10 ਗੁਣਾ ਵੱਧ ਦਰਾਂ 'ਤੇ ਵੇਚਦੇ ਸਨ। 

ਪਟੇਲ ਨੇ ਦਾਅਵਾ ਕੀਤਾ ਕਿ ਇਹ ਵਿਚੋਲੇ ਸਿਆਸੀ ਦਲਾਂ ਨੂੰ ਚੰਦਾ ਦਿੰਦੇ ਸਨ। ਇਨ੍ਹਾਂ ਤਿੰਨ ਨਵੇਂ ਖੇਤੀ ਕਾਨੂੰਨਾਂ ਨੇ ਬਾਜ਼ਾਰ 'ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਵਾਲੇ ਵਿਚੋਲਿਆਂ ਦਾ ਲੱਕ ਤੋੜ ਦਿੱਤਾ ਹੈ। ਇਸ ਲਈ ਉਹ ਇਸ ਮੁੱਦੇ 'ਤੇ ਅੰਦੋਲਨ ਕਰ ਰਹੇ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਿਚੋਲੇ ਕਿਸੇ ਨਾ ਕਿਸੇ ਸਿਆਸੀ ਦਲ ਨਾਲ ਜੁੜੇ ਰਹੇ ਹਨ। ਇਹ ਕਾਨੂੰਨ ਵਿਚੋਲਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ, ਇਸ ਲਈ ਉਹ ਇਸ ਮੁੱਦੇ 'ਤੇ ਅੰਦੋਲਨ ਕਰ ਰਹੇ ਹਨ। ਉਹ ਅਸਲੀ ਕਿਸਾਨ ਨਹੀਂ ਹਨ। ਪਟੇਲ ਨੇ ਇਹ ਵੀ ਕਿਹਾ ਕਿ ਖੇਤੀ ਕਾਨੂੰਨ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਫਾਇਦੇ ਲਈ ਹਨ। 

ਨੋਟ: ਖੇਤੀਬਾੜੀ ਮੰਤਰੀ ਕਮਲ ਪਟੇਲ ਦੇ ਇਸ ਬਿਆਨ 'ਤੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


Tanu

Content Editor

Related News