ਮੱਧ ਪ੍ਰਦੇਸ਼: ਹਿਰਨਾਂ ਦਾ ਸ਼ਿਕਾਰ ਕਰਨ ਆਏ ਸ਼ਿਕਾਰੀਆਂ ਦੀ ਫਾਇਰਿੰਗ, SI ਸਮੇਤ 3 ਪੁਲਸ ਮੁਲਾਜ਼ਮ ਸ਼ਹੀਦ

Saturday, May 14, 2022 - 11:14 AM (IST)

ਭੋਪਾਲ (ਭਾਸ਼ਾ)– ਮੱਧ ਪ੍ਰਦੇਸ਼ ਦੇ ਗੁਣਾ ਜ਼ਿਲ੍ਹੇ ’ਚ ਸ਼ਨੀਵਾਰ ਤੜਕੇ ਜੰਗਲ ’ਚ ਹਿਰਨਾਂ ਦਾ ਸ਼ਿਕਾਰ ਕਰ ਗਏ ਸ਼ਿਕਾਰੀਆਂ ਨੇ ਤਿੰਨ ਪੁਲਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਜਧਾਨੀ ਭੋਪਾਲ ਤੋਂ ਕਰੀਬ 160 ਕਿਲੋਮੀਟਰ ਦੂਰ ਆਰੋਨ ਪੁਲਸ ਥਾਣੇ ਤਹਿਤ ਆਉਣ ਵਾਲੇ ਖੇਤਰ ’ਚ ਤੜਕੇ ਕਰੀਬ 3 ਵਜੇ ਵਾਪਰੀ, ਜਦੋਂ ਪੁਲਸ ਮੁਲਾਜ਼ਮ ਬਦਮਾਸ਼ਾਂ ਨੂੰ ਫੜਨ ਗਏ ਸਨ। 

ਇਹ ਵੀ ਪੜ੍ਹੋ :- ਦਿੱਲੀ ਅਗਨੀਕਾਂਡ: ਹਸਪਤਾਲ ’ਚ ਆਪਣਿਆਂ ਦੀ ਭਾਲ ’ਚ ਭਟਕਦੇ ਦਿੱਸੇ ਪਰਿਵਾਰ, ਧੀ ਨੂੰ ਲੱਭਦੀ ਬੇਬੱਸ ਮਾਂ

ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, ‘‘ਕੁਝ ਬਦਮਾਸ਼ਾਂ ਦੀ ਮੌਜੂਦਗੀ ਦੀ ਖ਼ੁਫੀਆ ਸੂਚਨਾ ਮਿਲਣ ’ਤੇ ਪੁਲਸ ਟੀਮ ਗੁਣਾ ਜ਼ਿਲ੍ਹੇ ’ਚ ਆਰੋਨ ਪੁਲਸ ਥਾਣੇ ਤਹਿਤ ਆਉਣ ਵਾਲੇ ਇਕ ਸਥਾਨ ’ਤੇ ਪਹੁੰਚੀ। ਪੁਲਸ ਮੁਲਾਜ਼ਮਾਂ ਨੇ ਬਦਮਾਸ਼ਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ’ਚ 3 ਪੁਲਸ ਮੁਲਾਜ਼ਮ ਮਾਰੇ ਗਏ।’’ ਸੂਤਰਾਂ ਨੇ ਦੱਸਿਆ ਕਿ ਪੁਲਸ ਟੀਮ ਅਜਿਹੀਆਂ ਖ਼ਬਰਾਂ ਮਿਲਣ ਮਗਰੋਂ ਘਟਨਾ ਵਾਲੀ ਥਾਂ ’ਤੇ ਪਹੁੰਚੀ ਸੀ ਕਿ ਦੁਰਲੱਭ ਪ੍ਰਜਾਤੀ ਦੇ 4 ਹਿਰਨਾਂ ਨੂੰ ਕੁਝ ਸ਼ਿਕਾਰੀਆਂ ਨੇ ਮਾਰ ਦਿੱਤਾ ਹੈ।

ਇਹ ਵੀ ਪੜ੍ਹੋ :- ਜੰਮੂ-ਕਸ਼ਮੀਰ: ਸਰਹੱਦ ’ਤੇ ਫਿਰ ਦਿੱਸਿਆ ਪਾਕਿਸਤਾਨੀ ਡਰੋਨ, BSF ਜਵਾਨਾਂ ਨੇ ਚਲਾਈਆਂ ਗੋਲੀਆਂ

ਮਿਸ਼ਰਾ ਮੁਤਾਬਕ ਗੋਲੀਬਾਰੀ ’ਚ ਪੁਲਸ ਸਬ-ਇੰਸਪੈਕਟਰ (ਐੱਸ. ਆਈ.) ਰਾਜਕੁਮਾਰ ਜਾਟਵ ਅਤੇ ਦੋ ਕਾਂਸਟੇਬਲ ਨਿਲੇਸ਼ ਭਾਰਗਵ ਅਤੇ ਸੰਤਰਾਮ ਮੀਣਾ ਦੀ ਮੌਤ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਹ ਦੁਖ਼ਦ ਘਟਨਾ ਹੈ। ਅਪਰਾਧੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਨਾਲ ਇਕ ਮਿਸਾਲ ਕਾਇਮ ਹੋਵੇਗੀ। ਇਸ ਦਰਮਿਆਨ ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ ਦੇ ਸਬੰਧ ’ਚ ਆਪਣੀ ਰਿਹਾਇਸ਼ ’ਤੇ ਉੱਚ ਪੱਧਰੀ ਬੈਠਕ ਬੁਲਾਈ ਹੈ। ਅਧਿਕਾਰੀ ਮੁਤਾਬਕ ਡੀ. ਜੀ. ਪੀ., ਗ੍ਰਹਿ ਮੰਤਰੀ, ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਸਮੇਤ ਸੀਨੀਅਰ ਪੁਲਸ ਅਧਿਕਾਰੀ ਬੈਠਕ ’ਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ :- ਤਾਜ ਮਹਿਲ ਵਿਵਾਦ ’ਤੇ ਹਾਈ ਕੋਰਟ ਦਾ ਸਖ਼ਤ ਰੁਖ਼, ਕਿਹਾ- ਪਹਿਲਾਂ PhD ਕਰੋ ਫਿਰ ਕੋਰਟ ਆਓ


Tanu

Content Editor

Related News