ਨਾਬਾਲਗ ਦੇ ਘਰ ਪਿਸਤੌਲ ਲੈ ਕੇ ਪੁੱਜੇ ਸਿਰਫਿਰੇ ਆਸ਼ਕ ਨੇ ਕੀਤਾ ਹੰਗਾਮਾ
Saturday, Aug 24, 2019 - 11:09 AM (IST)

ਗੁਰੂਗ੍ਰਾਮ-ਇਕ ਪਾਸੜ ਪਿਆਰ ’ਚ ਇਕ ਸਿਰਫਿਰਾ ਆਸ਼ਕ ਨਾਬਾਲਗ ਲੜਕੀ ਦੇ ਘਰ ਦੇਸੀ ਕੱਟਾ (ਪਿਸਤੌਲ) ਲੈ ਕੇ ਪਹੁੰਚ ਗਿਆ। ਜਦੋਂ ਤਕ ਕਿਸੇ ਨੂੰ ਪਤਾ ਲੱਗਦਾ, ਉਸ ਨੇ ਲੜਕੀ ਦੀ ਪੁੜਪੁੜੀ ’ਤੇ ਪਿਸਤੌਲ ਲਾ ਕੇ ਕਿਹਾ ਕਿ ਮੇਰੇ ਨਾਲ ਵਿਆਹ ਕਰੋ। ਇਹ ਘਟਨਾ ਸੈਕਟਰ-9 ਥਾਣਾ ਏਰੀਏ ਦੀ ਹੈ। ਪੁਲਸ ਮੁਖੀ ਸੁਭਾਸ਼ ਬੋਕਨ ਦੇ ਅਨੁਸਾਰ ਪੀੜਤ ਪੱਖ ਦੀ ਸ਼ਿਕਾਇਤ ਤੋਂ ਬਾਅਦ ਦੋਸ਼ੀ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਲਗਭਗ 12 ਵਜੇ ਸ਼ਹਿਰ ਦੇ ਭਵਾਨੀ ਐਨਕਲੇਵ ਰਹਿਣ ਵਾਲੀ ਲੜਕੀ ਦੇ ਘਰ 25 ਸਾਲ ਦਾ ਨੌਜਵਾਨ ਵਿਪਿਨ ਪਿਸਤੌਲ ਲੈ ਕੇ ਪਹੁੰਚ ਗਿਆ। ਉਹ ਲੜਕੀ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰਨ ਲੱਗਾ। ਗੱਲ ਨਾ ਬਣਦੀ ਦੇਖ ਕੇ ਉਸ ਨੇ ਪਿਸਤੌਲ ਉਸ ਦੀ ਪੁੜਪੁੜੀ ’ਤੇ ਰੱਖ ਕੇ ਡਰਾਮਾ ਸ਼ੁਰੂ ਕਰ ਦਿੱਤਾ। ਉਸ ਨੇ ਲੜਕੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਪਰਿਵਾਰ ਨੇ ਕਿਸੇ ਤਰ੍ਹਾਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਪੁਲਸ ਨੇ ਉਸ ਨੂੰ ਵੀ ਆਧਾਰ ਬਣਾ ਕੇ ਫੁਟੇਜ ਕਬਜ਼ੇ ’ਚ ਲੈ ਲਈ ਹੈ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਆਰਮਸ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।