ਵੱਡਾ ਖੁਲਾਸਾ : BMW ਵਰਗੀਆਂ ਕਾਰਾਂ ਦੇ ਮਾਲਕ ਲੈ ਰਹੇ ਸਰਕਾਰੀ ਸਕੀਮਾਂ ਦਾ ਲਾਭ
Friday, Nov 29, 2024 - 10:44 PM (IST)
ਤਿਰੂਵਨੰਤਪੁਰਮ, (ਭਾਸ਼ਾ)- ਕੇਰਲ ਦੇ ਵਿੱਤ ਵਿਭਾਗ ਨੇ ਇਕ ਨਗਰਪਾਲਿਕਾ ਵਿਚ ਗਰੀਬਾਂ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਲਾਭਪਾਤਰੀਆਂ ਦੀ ਸਮੀਖਿਆ ਕੀਤੀ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਬੀ. ਐੱਮ. ਡਬਲਿਊ. ਵਰਗੀਆਂ ਮਹਿੰਗੀਆਂ ਕਾਰਾਂ ਦੇ ਮਾਲਕ ਅਤੇ ਏਅਰ ਕੰਡੀਸ਼ਨਡ ਘਰਾਂ ਵਿਚ ਰਹਿਣ ਵਾਲੇ ਲੋਕ ਇਸ ਸਕੀਮ ਦਾ ਲਾਭ ਲੈ ਰਹੇ ਹਨ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਮਲੱਪੁਰਮ ਜ਼ਿਲੇ ਵਿਚ ਕੋਟਕਕਲ ਨਗਰਪਾਲਿਕਾ ਅਧੀਨ ਕੀਤੀ ਗਈ ਸਮੀਖਿਆ ਵਿਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸੂਬੇ ਦੇ ਵਿੱਤ ਮੰਤਰੀ ਕੇ. ਐੱਨ. ਬਾਲਗੋਪਾਲ ਨੇ ਅਧਿਕਾਰੀਆਂ ਨੂੰ ਸੂਬੇ ਭਰ ਵਿਚ ਅਜਿਹਾ ਆਡਿਟ ਕਰਨ ਅਤੇ ਲਾਭਪਾਤਰੀ ਸੂਚੀ ਵਿਚੋਂ ਸਾਰੇ ਅਯੋਗ ਵਿਅਕਤੀਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਕੇਰਲ ਵਿਚ ਗਜ਼ਟਿਡ ਅਫਸਰਾਂ ਅਤੇ ਕਾਲਜਾਂ ਦੇ ਪ੍ਰੋਫੈਸਰਾਂ ਸਮੇਤ ਲੱਗਭਗ 1,500 ਸੇਵਾਮੁਕਤ ਸਰਕਾਰੀ ਕਰਮਚਾਰੀਆਂ ਦੇ ਫਰਜ਼ੀ ਤਰੀਕੇ ਨਾਲ ਸਮਾਜਿਕ ਸੁਰੱਖਿਆ ਪੈਨਸ਼ਨ ਪ੍ਰਾਪਤ ਕਰਨ ਨਾਲ ਜੁੜੀਆਂ ਖਬਰਾਂ ਨੂੰ ਲੈ ਕੇ ਵਿਆਪਕ ਰੋਸ ਦਰਮਿਆਨ ਇਹ ਨਵਾਂ ਖੁਲਾਸਾ ਹੋਇਆ ਹੈ।
ਅਜਿਹੀਆਂ ਪੈਨਸ਼ਨ ਸਕੀਮਾਂ ਦਾ ਲਾਭ ਲੈਣ ਲਈ ਆਮ ਮਾਪਦੰਡ ਵਿਚ ਸ਼ਾਮਲ ਹੈ ਕਿ ਬਿਨੈਕਾਰਾਂ ਦੀ ਸਾਲਾਨਾ ਪਰਿਵਾਰਕ ਆਮਦਨ 1 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਕੋਲ ਮਹਿੰਗੀਆਂ ਗੱਡੀਆਂ ਅਤੇ ਆਲੀਸ਼ਾਨ ਘਰ ਨਹੀਂ ਹੋਣੇ ਚਾਹੀਦੇ।