ਦਿੱਲੀ-ਮੁੰਬਈ ’ਚ ਵੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ ਲੁਧਿਆਣਾ ਬੰਬ ਧਮਾਕੇ ਦਾ ਮਾਸਟਰਮਾਈਂਡ
Wednesday, Dec 29, 2021 - 10:13 AM (IST)
ਦਿੱਲੀ/ਬਾਨ- (ਭਾਸ਼ਾ)- ਪੰਜਾਬ ਦੇ ਲੁਧਿਆਣਾ ’ਚ ਬੰਬ ਧਮਾਕੇ ਦੇ ਮਾਮਲੇ ਦੇ ਮਾਸਟਰਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ’ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਜਸਵਿੰਦਰ ਸਿੰਘ ਬੈਨ ਕੀਤੀ ਗਈ ਸੰਸਥਾ ਸਿੱਖਸ ਫਾਰ ਜਸਟਿਸ ਨਾਲ ਜੁੜਿਆ ਹੋਇਆ ਹੈ। ਉਹ ਦਿੱਲੀ ਤੇ ਮੁੰਬਈ ’ਚ ਵੀ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ, ਨਾਲ ਹੀ ਉਸ ਦੇ ਨਿਸ਼ਾਨੇ ’ਤੇ ਕਿਸਾਨ ਨੇਤਾ ਵੀ ਸਨ। ਜਸਵਿੰਦਰ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂੰ ਦਾ ਵੀ ਬਹੁਤ ਨਜ਼ਦੀਕੀ ਹੈ। ਪੰਨੂੰ ਭਾਰਤ ’ਚ ਬੈਨ ਕੀਤਾ ਗਿਆ ਅੱਤਵਾਦੀ ਹੈ।
ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਨੂੰ ਜਰਮਨੀ ਦੀ ਪੁਲਸ ਨੇ ਮੋਦੀ ਸਰਕਾਰ ਦੀ ਬੇਨਤੀ ’ਤੇ ਇਰਫੁਰਟ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਖਾਲਿਸਤਾਨ ਸਮਰਥਕ ਜਸਵਿੰਦਰ ਸਿੰਘ ਦਾ ਪਾਕਿਸਤਾਨ ਨਾਲ ਵੀ ਨਜ਼ਦੀਕੀ ਸਬੰਧ ਹੈ। ਜਸਵਿੰਦਰ ਪੰਜਾਬ ’ਚ ਹਥਿਆਰਾਂ ਦੀ ਸਮੱਗਲਿੰਗ ’ਚ ਵੀ ਸ਼ਾਮਲ ਰਿਹਾ ਹੈ। ਉਹ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਤੇ ਪਿਛਲੇ ਕਾਫ਼ੀ ਸਮੇਂ ਤੋਂ ਜਰਮਨੀ ’ਚ ਲੁਕ ਕੇ ਰਹਿ ਰਿਹਾ ਸੀ। ਉੱਥੋਂ ਹੀ ਭਾਰਤ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇਣ ’ਚ ਜੁਟਿਆ ਹੋਇਆ ਸੀ। ਕੇਂਦਰੀ ਜਾਂਚ ਏਜੰਸੀ ਦੇ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਫੌਜ ਦੇ ਜਨਰਲ ਬਾਜਵਾ ਤੇ ਆਈ. ਐੱਸ. ਆਈ. ਚੀਫ ਨਦੀਮ ਅੰਜੁਮ, ਖਾਲਿਸਤਾਨ ਦੇ ਮੁੱਦੇ ’ਤੇ ਅੱਗੇ ਵੱਧ ਰਹੇ ਹਨ। ਮੌਜੂਦਾ ਦੌਰ ’ਚ ਪੰਜਾਬ ਦੀ ਚੋਣ, ਜਿਸ ਤਰ੍ਹਾਂ ਦੇ ਸੰਕੇਤ ਦੇ ਰਹੀ ਹੈ, ਉਸ ਨੇ ਭਾਰਤੀ ਖੁਫੀਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਧਮਾਕੇ ਦੇ ਖ਼ਾਲਿਸਤਾਨ ਨਾਲ ਜੁੜੇ ਤਾਰ, ਬੱਬਰ ਖ਼ਾਲਸਾ ਨੇ ਗੈਂਗਸਟਰ ਰਿੰਦਾ ਨਾਲ ਮਿਲ ਕੇ ਕੀਤਾ ਬਲਾਸਟ
ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸੂਬੇ ਦੇ ਸਿਆਸਤਦਾਨ ਇਕ-ਦੂਜੇ ’ਤੇ ਹਮਲਾਵਰ ਹਨ। ਉਸ ਦਾ ਫਾਇਦਾ ਗੁਆਂਢੀ ਮੁਲਕ ਉਠਾ ਰਿਹਾ ਹੈ। ਰਾਸ਼ਟਰੀ ਜਾਂਚ ਏਜੰਸੀ ਨੇ ਪਿਛਲੇ ਦਿਨੀਂ ਕੈਨੇਡਾ ਦੇ ਰਹਿਣ ਵਾਲੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਖਿਲਾਫ ਭਾਰਤ ’ਚ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਹੋਣ ਕਾਰਨ ਦੋਸ਼ ਪੱਤਰ ਦਰਜ ਕੀਤਾ ਹੈ।
ਮੁਲਤਾਨੀ ਅਤੇ ਰਿੰਦਾ ਨੇ ਰਚੀ ਸੀ ਸਾਜ਼ਿਸ਼
ਲੁਧਿਆਣਾ ਕੋਰਟ ਕੰਪਲੈਕਸ ’ਚ ਹੋਏ ਧਮਾਕੇ ਦੀ ਸ਼ੁਰੂਆਤੀ ਜਾਂਚ ’ਚ ਹੀ ਕੇਂਦਰ ਤੇ ਪੰਜਾਬ ਦੀਆਂ ਏਜੰਸੀਆਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਸ ਦੀ ਸਾਜ਼ਿਸ਼ ਮੁਲਤਾਨੀ ਤੇ ਰਿੰਦਾ ਨੇ ਰਚੀ ਹੈ। ਇਸ ਦੇ ਜ਼ਰੀਏ ਪੰਜਾਬ ਨੂੰ ਚੋਣਾਂ ਤੋਂ ਪਹਿਲਾਂ ਅਸਥਿਰ ਕਰਨਾ ਸੀ। ਮੁਲਤਾਨੀ ਪੰਜਾਬ ’ਚ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਮਨਸੂਰਪੁਰ ਦਾ ਰਹਿਣ ਵਾਲਾ ਹੈ। ਮੁਲਤਾਨੀ ਪਾਕਿਸਤਾਨ ’ਚ ਆਪਣੇ ਨੈੱਟਵਰਕ ਜ਼ਰੀਏ ਭਾਰਤ ’ਚ ਪੰਜਾਬ ਦੇ ਰਸਤੇ ਹਥਿਆਰ ਤੇ ਡਰੱਗਸ ਦੀ ਸਮੱਗਲਿੰਗ ਕਰਵਾ ਰਿਹਾ ਸੀ।
ਇਹ ਵੀ ਪੜ੍ਹੋ : ਲੁਧਿਆਣਾ ਅਦਾਲਤ ਧਮਾਕਾ : ਫਿਦਾਈਨ ਹਮਲੇ ਦਾ ਖ਼ਦਸ਼ਾ, ਬਾਥਰੂਮ ’ਚ ਮਿਲੀ ਬੁਰੀ ਤਰ੍ਹਾਂ ਨੁਕਸਾਨੀ ਲਾਸ਼
ਹਥਿਆਰਾਂ ਦੀ ਸਮੱਗਲਿੰਗ ਪਿੱਛੇ ਭਾਰਤ ’ਚ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਸੀ। ਰਿੰਦਾ ਏ+ ਕੈਟਾਗਰੀ ਦਾ ਗੈਂਗਸਟਰ ਹੈ। ਉਹ ਪੰਜਾਬ ਤੋਂ ਇਲਾਵਾ ਮਹਾਰਾਸ਼ਟਰ, ਚੰਡੀਗੜ੍ਹ, ਹਰਿਆਣਾ ਤੇ ਪੱਛਮੀ ਬੰਗਾਲ ’ਚ ਵੀ ਵਾਂਟੇਡ ਹੈ। ਉਸ ਖਿਲਾਫ 10 ਮਰਡਰ, 6 ਅਟੈਂਪਟ ਟੂ ਮਰਡਰ ਤੇ 7 ਡਕੈਤੀਆਂ ਤੋਂ ਇਲਾਵਾ ਆਰਮਜ਼ ਐਕਟ, ਫਿਰੌਤੀ, ਡਰੱਗ ਸਮੱਗਲਿੰਗ ਸਮੇਤ ਸੰਗੀਨ ਜੁਰਮਾਂ ਦੇ 30 ਕੇਸ ਦਰਜ ਹਨ। ਰਿੰਦਾ 2017 ’ਚ ਪੁਲਸ ਦੇ ਹੱਥਾਂ ਤੋਂ ਬਚ ਨਿਕਲਿਆ ਸੀ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਉਹ ਪਾਕਿਸਤਾਨ ਚਲਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਬੰਬ ਧਮਾਕੇ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਜਰਮਨੀ 'ਚ ਗ੍ਰਿਫ਼ਤਾਰ