ਉੱਤਰ ਪ੍ਰਦੇਸ਼ ਵਿਕਸਤ ਭਾਰਤ ਦਾ ਇੰਜਣ ਬਣੇਗਾ : ਅਮਿਤ ਸ਼ਾਹ
Sunday, Jan 25, 2026 - 12:00 AM (IST)
ਲਖਨਊ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ 2047 ਤੱਕ ਉੱਤਰ ਪ੍ਰਦੇਸ਼ ਵਿਕਸਤ ਭਾਰਤ ਦੇ ਇੰਜਣ ਵਜੋਂ ਉਭਰੇਗਾ।
ਸ਼ਨੀਵਾਰ ਉੱਤਰ ਪ੍ਰਦੇਸ਼ ਦੇ ਰਾਜ ਪੱਧਰੀ ਦਿਵਸ ਸਮਾਰੋਹ ਦੇ ਮੌਕੇ ’ਤੇ ਰਾਸ਼ਟਰੀ ਪ੍ਰੇਰਨਾ ਸਥਲ ਵਿਖੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਉੱਤਰ ਪ੍ਰਦੇਸ਼ ਨੂੰ ਦੇਸ਼ ਦੇ ‘ਦਿਲ ਦੀ ਧੜਕਣ’ ਤੇ ‘ਆਤਮਾ’ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਿਕਸਤ ਭਾਰਤ ਬਣਾਉਣ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਇਕ ਵਿਕਸਤ ਸੂਬਾ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਦੇਸ਼ 15 ਅਗਸਤ, 2047 ਨੂੰ ਆਜ਼ਾਦੀ ਦੀ ਸ਼ਤਾਬਦੀ ਮਨਾਏਗਾ ਤਾਂ ਉੱਤਰ ਪ੍ਰਦੇਸ਼ ਇਕ ਪੂਰੀ ਤਰ੍ਹਾਂ ਵਿਕਸਤ ਸੂਬਾ ਤੇ ਵਿਕਸਤ ਭਾਰਤ ਦਾ ਇਕ ਅਹਿਮ ਥੰਮ੍ਹ ਹੋਵੇਗਾ। ਗੈਰ-ਭਾਜਪਾ ਸਰਕਾਰਾਂ ’ਤੇ ਨਿਸ਼ਾਨਾ ਵਿੰਨ੍ਹਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੀਆਂ ਸਰਕਾਰਾਂ ਨੇ ਉੱਤਰ ਪ੍ਰਦੇਸ਼ ਨੂੰ ਦਹਾਕਿਆਂ ਤੱਕ ਪਿੱਛੇ ਰੱਖਿਆ ਅਤੇ ਇਸ ਨੂੰ ‘ਬੀਮਾਰੂ ਰਾਜ’ ਵਜੋਂ ਦਰਸਾਇਆ, ਜਦੋਂ ਕਿ ਭਾਜਪਾ ਸਰਕਾਰ ਨੇ ਇਸ ਨੂੰ ਇਕ ਸਫਲ ਤੇ ਸੁਰੱਖਿਅਤ ਰਾਜ ’ਚ ਬਦਲ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਸੂਬਾ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਹੈ। ਇੱਥੇ ਕਾਨੂੰਨ ਦਾ ਰਾਜ ਸਥਾਪਿਤ ਹੋਇਆ ਹੈ, ਜਿਸ ਨੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਉੱਤਰ ਪ੍ਰਦੇਸ਼ ਨੇ ਇਕ ਵਿਆਪਕ ਸੜਕੀ ਨੈੱਟਵਰਕ ਵਿਕਸਤ ਕੀਤਾ ਹੈ, ਇਕ ਰੱਖਿਆ ਗਲਿਆਰਾ ਸਥਾਪਤ ਕੀਤਾ ਹੈ ਤੇ ਬ੍ਰਹਿਮੋਸ ਮਿਜ਼ਾਈਲ ਦਾ ਨਿਰਮਾਣ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਉਦਯੋਗਿਕ ਖੇਤਰ ਦਾ ਉਦਘਾਟਨ ਕੀਤਾ ਗਿਆ ਹੈ, ਜਿਸ ’ਚ ਸੂਬੇ ਦੇ ਹਰ ਜ਼ਿਲੇ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਪਣੇ ਸੂਬੇ ਅੰਦਰ ਕੰਮ ਪ੍ਰਦਾਨ ਕਰਨ ਲਈ ਇਕ ਵਿਸਤ੍ਰਿਤ ਯੋਜਨਾ ਤਿਆਰ ਕੀਤੀ ਗਈ ਹੈ।
ਸ਼ਾਹ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 62 ਲੱਖ ਗਰੀਬ ਲੋਕਾਂ ਨੂੰ ਰਿਹਾਇਸ਼ ਪ੍ਰਦਾਨ ਕੀਤੀ ਗਈ। ਅਯੁੱਧਿਆ ’ਚ ਇਕ ਸ਼ਾਨਦਾਰ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਪੂਰਾ ਹੋ ਗਿਆ ਹੈ।
ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਯੁੱਧਿਆ ਦੀ ਪਵਿੱਤਰ ਧਰਤੀ ਹੈ, ਭਗਵਾਨ ਰਾਮ ਦੀ ਜਨਮ ਭੂਮੀ ਹੈ। ਮਥੁਰਾ-ਵ੍ਰਿੰਦਾਵਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਹੈ। ਸੂਬਾ ਤੇਜ਼ੀ ਨਾਲ ਇਕ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣਨ ਵੱਲ ਵਧ ਰਿਹਾ ਹੈ।
ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਜਲਦੀ ਹੀ 21 ਹਵਾਈ ਅੱਡਿਆਂ ਵਾਲਾ ਸੂਬਾ ਬਣ ਜਾਵੇਗਾ। ਲਖਨਊ, ਵਾਰਾਣਸੀ ਤੇ ਅਯੁੱਧਿਆ ਵਰਗੇ ਹਵਾਈ ਅੱਡੇ ਸੂਬੇ ਦੇ ਦਰਵਾਜ਼ੇ ਦੁਨੀਆ ਲਈ ਖੋਲ੍ਹ ਰਹੇ ਹਨ। ਉੱਤਰ ਪ੍ਰਦੇਸ਼ ਸਵੈ-ਨਿਰਭਰ ਭਾਰਤ ਮੁਹਿੰਮ ਨੂੰ ਮਜ਼ਬੂਤ ਕਰ ਰਿਹਾ ਹੈ ਤੇ ਵਿਕਾਸ ਦੇ ਹਰ ਖੇਤਰ ’ਚ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ।
