ਆਪਣੇ ''ਬਿਗ ਬੌਸ'' ਨੂੰ ਖੁਸ਼ ਕਰਨ ਲਈ ''ਕਬੀਲੇ ਦੇ ਸਰਦਾਰ'' ਵਾਂਗ ਰਵੱਈਆ ਕਰ ਰਹੇ ਹਨ ਉੱਪ ਰਾਜਪਾਲ : ਸਿਸੋਦੀਆ
Wednesday, Jan 18, 2023 - 04:54 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਉੱਪ ਰਾਜਪਾਲ ਵੀਕੇ ਸਕਸੈਨਾ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਉਹ ਨਵੀਂ ਚੁਣੀ ਸਰਕਾਰ ਦੇ ਕੰਮਕਾਜ 'ਚ ਦਖਲਅੰਦਾਜ਼ੀ ਕਰ ਕੇ ਆਪਣੇ ਬਿਗ ਬੌਸ ਨੂੰ ਖ਼ੁਸ਼ ਕਰਨ ਲਈ ਕਿਸੇ ਕਬੀਲੇ ਦੇ ਸਰਦਾਰ ਦੀ ਤਰ੍ਹਾਂ ਰਵੱਈਆ ਕਰ ਰਹੇ ਹਨ। ਦਿੱਲੀ ਵਿਧਾਨ ਸਭਾ 'ਚ ਸੈਸ਼ਨ ਦੇ ਤੀਜੇ ਦਿਨ ਸਦਨ ਨੂੰ ਸੰਬੋਧਨ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉੱਪ ਰਾਜਪਾਲ ਜਾਂ ਪ੍ਰਸ਼ਾਸਕ ਨਵੀਂ ਚੁਣੀ ਸਰਕਾਰ ਦੀ ਮਦਦ ਅਤੇ ਸਲਾਹ ਨਾਲ ਕੰਮ ਕਰਨ ਲਈ ਮਜ਼ਬੂਰ ਹੈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪਰ ਮਦਦ ਜਾਂ ਸਲਾਹ ਲੈਣਾ ਤਾਂ ਦੂਰ ਉੱਪ ਰਾਜਪਾਲ ਸਰਕਾਰ ਨਾਲ ਸਲਾਹ ਵੀ ਨਹੀਂ ਕਰ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ,''ਇਹ ਦੇਸ਼ 'ਚ ਪਹਿਲੀ ਵਾਰ ਹੋ ਰਿਹਾ ਹੈ।''
ਸਿਸੋਦੀਆ ਨੇ ਦੋਸ਼ ਲਗਾਇਆ,''ਸੰਵਿਧਾਨ ਅਨੁਸਾਰ, ਸਥਾਨਕ ਸ਼ਾਸਨ 'ਤੇ ਫ਼ੈਸਲਾ ਕੇਂਦਰ ਵਲੋਂ ਨਹੀਂ ਸਗੋਂ ਸੂਬਿਆਂ ਵਲੋਂ ਲਿਆ ਜਾਂਦਾ ਹੈ। ਦਿੱਲੀ ਦੇ ਉੱਪ ਰਾਜਪਾਲ ਸੰਵਿਧਾਨ ਜਾਂ ਸੁਪਰੀਮ ਕੋਰਟ ਦੀ ਸੰਵਿਧਾਨ ਬੈਂਚ ਦੇ ਫ਼ੈਸਲੇ ਦੀ ਪਾਲਣਾ ਨਹੀਂ ਕਰ ਰਹੇ ਹਨ।'' ਸਿਸੋਦੀਆ ਨੇ ਦੋਸ਼ ਲਗਾਇਆ ਕਿ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ 'ਐਲਡਰਮੈਨ' ਨੂੰ ਨਾਮਜ਼ਦ ਕਰਨ 'ਚ ਉੱਪ ਰਾਜਪਾਲ ਨੇ ਗੈਰ ਸੰਵਿਧਾਨਕ ਤਰੀਕਾ ਅਪਣਾਇਆ ਅਤੇ ਦੋਸ਼ ਲਗਾਇਆ ਕਿ ਉੱਪ ਰਾਜਪਾਲ ਨੇ ਨਵੀਂ ਚੁਣੀ ਸਰਕਾਰ ਦੇ ਪ੍ਰਸਤਾਵ 'ਤੇ ਆਪਣੀ ਰਾਏ ਜ਼ਾਹਰ ਕਰਨ ਦੀ ਬਜਾਏ ਉਸ ਨੂੰ ਬਦਲ ਦਿੱਤਾ। ਉਨ੍ਹਾਂ ਕਿਹਾ,''ਕਾਨੂੰਨ ਵਿਵਸਥਾ, ਦਿੱਲੀ ਪੁਲਸ ਅਤੇ ਜ਼ਮੀਨ ਕਬਜ਼ੇ 'ਤੇ ਧਿਆਨ ਦੇਣ ਦੀ ਬਜਾਏ ਉੱਪ ਰਾਜਪਾਲ ਨਵੀਂ ਚੁਣੀ ਸਰਕਾਰ ਦੇ ਕੰਮਕਾਜ 'ਚ ਦਖ਼ਲ ਦੇ ਰਹੇ ਹਨ।'' ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 'ਬੇਗਾਨੀ ਸ਼ਾਦੀ 'ਮੇਂ ਅਬਦੁੱਲਾ ਦੀਵਾਨਾ' ਮੁਹਾਵਰੇ ਦਾ ਇਸਤੇਮਾਲ ਕਰਦੇ ਹੋਏ ਉੱਪ ਰਾਜਪਾਲ ਦੇ ਅਧਿਕਾਰ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਉਹ (ਸਕਸੈਨਾ) ਮੇਰੇ ਪ੍ਰਿੰਸੀਪਲ ਨਹੀਂ ਹਨ।