ਪ੍ਰੇਮੀ ਜੋੜੇ ਦੀਆਂ ਦਰੱਖ਼ਤ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ, ਪਿੰਡ ’ਚ ਤਣਾਅ

Friday, Apr 11, 2025 - 01:09 PM (IST)

ਪ੍ਰੇਮੀ ਜੋੜੇ ਦੀਆਂ ਦਰੱਖ਼ਤ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ, ਪਿੰਡ ’ਚ ਤਣਾਅ

ਬਾਰਾਬੰਕੀ- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਦੇ ਮੁਹੰਮਦਪੁਰ ਖਾਲਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬਿਹੁਰਾ ਵਿਚ ਵੀਰਵਾਰ ਸਵੇਰੇ ਇਕ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਸੂਰਜ (21) ਪਹਾੜਪੁਰ ਪਿੰਡ ਦਾ ਰਹਿਣ ਵਾਲਾ ਸੀ, ਜਦੋਂ ਕਿ ਲੜਕੀ ਨਿਸ਼ਾ ਬਾਨੋ (18) ਬਿਹੁਰਾ ਪਿੰਡ ਦੀ ਰਹਿਣ ਵਾਲੀ ਸੀ। ਦੋਵੇਂ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਸਨ ਅਤੇ ਪਿਛਲੇ 4 ਸਾਲਾਂ ਤੋਂ ਪ੍ਰੇਮ ਸਬੰਧਾਂ ਵਿਚ ਸਨ। ਪੁਲਸ ਮੁਤਾਬਕ ਨੌਜਵਾਨ ਦਾ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਸਮਾਜਿਕ ਅਤੇ ਧਾਰਮਿਕ ਕਾਰਨਾਂ ਨਾਲ ਦੋਵਾਂ ਦਾ ਵਿਆਹ ਸੰਭਵ ਨਹੀਂ ਹੋ ਸਕਿਆ ਸੀ। ਕੁਝ ਦਿਨ ਪਹਿਲਾਂ ਉਹ ਘਰੋਂ ਭੱਜ ਗਏ ਸਨ ਪਰ ਪਰਿਵਾਰਕ ਮੈਂਬਰਾਂ ਦੇ ਦਬਾਅ ਕਾਰਨ ਵਾਪਸ ਪਰਤ ਆਏ ਸਨ। ਬੁੱਧਵਾਰ ਦੇਰ ਰਾਤ ਸੂਰਜ ਮੁੜ ਘਰੋਂ ਗਾਇਬ ਹੋ ਗਿਆ ਅਤੇ ਵੀਰਵਾਰ ਸਵੇਰੇ ਦੋਵਾਂ ਦੀਆਂ ਲਾਸ਼ਾਂ ਅੰਬ ਦੇ ਦਰੱਖ਼ਤ ਨਾਲ ਲਟਕੀਆਂ ਮਿਲੀਆਂ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਏਰੀਆ ਅਫਸਰ ਜਗਤ ਰਾਮ ਕਨੌਜੀਆ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਪਰ ਦਬਾਅ ਧਮਕੀ ਜਾਂ ਕਤਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸੋਗ ਅਤੇ ਤਣਾਅ ਦਾ ਮਾਹੌਲ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪਿੰਡ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News