ਪ੍ਰੇਮ ਸਬੰਧਾਂ ’ਚ ਨੌਜਵਾਨ ਨੇ ਭਰਾ ਦੀ ਸਾਲੀ ਨੂੰ ਮਾਰੀ ਗੋਲੀ ਤੇ ਫਿਰ...
Thursday, Apr 03, 2025 - 11:42 AM (IST)

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਪੁਲਸ ਕਮਿਸ਼ਨਰੇਟ ਦੇ ਏਤਮਾਦਪੁਰ ਪੁਲਸ ਸਟੇਸ਼ਨ ਖੇਤਰ ਵਿਚ ਫਿਰੋਜ਼ਾਬਾਦ ਜ਼ਿਲ੍ਹੇ ਦੇ ਟੁੰਡਲਾ ਨਿਵਾਸੀ ਦੀਪਕ (23) ਨੇ ਏਤਮਾਦਪੁਰ ਥਾਣਾ ਖੇਤਰ ਦੇ ਰਹਨ ਕਲਾਂ ਪਿੰਡ ਵਿਚ ਆਪਣੇ ਭਰਾ ਦੇ ਸਹੁਰੇ ਘਰ ਜਾ ਕੇ ਭਰਾ ਦੀ ਸਾਲੀ ਜੋਤੀ (22) ਨੂੰ ਗੋਲੀ ਮਾਰ ਦਿੱਤੀ ਅਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ।
ਸਹਾਇਕ ਪੁਲਸ ਕਮਿਸ਼ਨਰ (ਏ. ਸੀ. ਪੀ.) ਪਿਊਸ਼ ਕਾਂਤ ਰਾਏ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਸ ਰਹਨ ਕਲਾਂ ਪਿੰਡ ਪਹੁੰਚੀ। ਪੁਲਸ ਨੇ ਜਦੋਂ ਕਮਰਾ ਖੋਲ੍ਹਿਆ ਤਾਂ ਦੀਪਕ ਅਤੇ ਜੋਤੀ ਦੋਵਾਂ ਦੀਆਂ ਲਾਸ਼ਾਂ ਕਮਰੇ ਵਿਚ ਪਈਆਂ ਹੋਈਆਂ ਸਨ। ਪੁਲਸ ਨੇ ਦੋਵੇਂ ਲਾਸ਼ਾਂ ਆਪਣੇ ਕਬਜ਼ੇ ’ਚ ਲੈ ਲਈਆਂ ਹਨ। ਥਾਣੇ ਏਤਮਾਦਪੁਰ ਦੇ ਇੰਚਾਰਜ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਮਾਮਲਾ ਪ੍ਰੇਮ ਸਬੰਧਾਂ ਨਾਲ ਜੁੜਿਆ ਲੱਗਦਾ ਹੈ ਪਰ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ।