ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਦੇ ਪਾਸਪੋਰਟ ਹੋਣਗੇ ਰੱਦ
Saturday, Mar 25, 2023 - 04:49 PM (IST)
ਨਵੀਂ ਦਿੱਲੀ- 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਸ ਦਾ ਆਪ੍ਰੇਸ਼ਨ ਜਾਰੀ ਹੈ। ਇਸ ਸਭ ਦੇ ਦਰਮਿਆਨ ਵਿਦੇਸ਼ੀ ਧਰਤੀ 'ਤੇ ਭਾਰਤੀ ਖ਼ਿਲਾਫ਼ ਸਾਜ਼ਿਸ਼ ਰਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ ਹੈ। ਸਰਕਾਰ ਨੇ ਸਖ਼ਤ ਰਵੱਈਆ ਅਖ਼ਤਿਆਰ ਕਰਦਿਆਂ ਵਿਦੇਸ਼ 'ਚ ਬੈਠੇ ਖ਼ਾਲਿਸਤਾਨ ਸਮਰਥਕਾਂ 'ਤੇ ਸਖ਼ਤ ਕਾਰਵਾਈ ਦਾ ਫ਼ੈਸਲਾ ਕੀਤਾ ਹੈ। ਦਰਅਸਲ 19 ਮਾਰਚ ਨੂੰ ਭਾਰਤੀ ਹਾਈ ਕਮਿਸ਼ਨ 'ਤੇ ਪ੍ਰਦਰਸ਼ਨ ਅਤੇ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ 'ਤੇ ਦਿੱਲੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਕੇਂਦਰ ਸਰਕਾਰ ਨੇ ਹੁਣ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਲਈ ਕਿਹਾ ਹੈ, ਜੋ ਪ੍ਰਦਰਸ਼ਨ ਵਿਚ ਸ਼ਾਮਲ ਸਨ। ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਦੇ ਪਾਸਪੋਰਟ ਰੱਦ ਹੋਣਗੇ।
ਇਹ ਵੀ ਪੜ੍ਹੋ- ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ 'ਤੇ ਦਿੱਲੀ ਪੁਲਸ ਦੀ ਵੱਡੀ ਕਾਰਵਾਈ
ਸੂਤਰਾਂ ਮੁਤਾਬਕ ਬਹੁਤ ਜਲਦ ਹੀ ਇਸ ਸਬੰਧ ਵਿਚ ਇਕ ਰਿਪੋਰਟ ਤਿਆਰ ਕਰ ਕੇ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਕਿ ਉਕਤ ਲੋਕਾਂ ਦੇ ਪਾਸਪੋਰਟ ਰੱਦ ਕਰਵਾ ਕੇ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਜਾਵੇ। ਪੁਲਸ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਵਿਦੇਸ਼ ਵਿਚ ਬੈਠੇ ਅਜਿਹੇ ਲੋਕਾਂ ਦੇ ਰਿਸ਼ੇਤਦਾਰਾਂ ਅਤੇ ਪਰਿਵਾਰਕ ਮੈਂਬਰਾਂ 'ਤੇ ਵੀ ਕੇਸ ਦਰਜ ਕਰੇਗੀ। ਮਾਮਲੇ ਦੀ ਜਾਂਚ ਸਪੈਸ਼ਲ ਸੈੱਲ ਨੂੰ ਸੌਂਪੀ ਗਈ ਹੈ।
ਇਹ ਵੀ ਪੜ੍ਹੋ- ਰਾਹੁਲ ਇਕੱਲੇ ਨਹੀਂ, ਮਾਂ ਸੋਨੀਆ ਅਤੇ ਦਾਦੀ ਇੰਦਰਾ ਗਾਂਧੀ ਦੀ ਵੀ ਗਈ ਸੀ ਮੈਂਬਰਸ਼ਿਪ
ਦੱਸਣਯੋਗ ਹੈ ਕਿ ਖਾਲਿਸਤਾਨੀ ਝੰਡੇ ਲਹਿਰਾਉਂਦੇ ਅਤੇ ਖਾਲਿਸਤਾਨ ਦੇ ਸਮਰਥਨ 'ਚ ਨਾਅਰੇ ਲਗਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਉੱਪਰ ਲਹਿਰਾਏ ਗਏ ਤਿਰੰਗੇ ਨੂੰ 19 ਮਾਰਚ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਭਾਰਤ ਨੇ ਇਸ ਘਟਨਾ ਦੇ ਸਬੰਧ ਵਿਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਤਲੱਬ ਕੀਤਾ ਅਤੇ ਪੂਰੀ ਤਰ੍ਹਾਂ ਨਾਲ ਸੁਰੱਖਿਆ ਦੀ ਕਮੀ 'ਤੇ ਸਪੱਸ਼ਟੀਕਰਨ ਮੰਗਿਆ। ਇਸ ਘਟਨਾ ਦੇ ਸਬੰਧਤ 'ਚ ਪੁਲਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਟਨਾ ਤੋਂ ਪਹਿਲਾਂ ਭਾਰਤ ਤੋਂ ਕਿੰਨੇ ਲੋਕ ਲੰਡਨ ਗਏ ਸਨ। ਖ਼ਦਸ਼ਾ ਹੈ ਕਿ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਕਈ ਦੇਸ਼ਾਂ ਤੋਂ ਖ਼ਾਲਿਸਤਾਨ ਸਮਰਥਕ ਆਏ ਸਨ। ਇਨ੍ਹਾਂ 'ਚੋਂ ਭਾਰਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹਰਿਆਣਾ 'ਚ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਨੂੰ ਪਨਾਹ ਦੇਣ ਵਾਲੀ ਔਰਤ ਗ੍ਰਿਫ਼ਤਾਰ: ਪੁਲਸ