ਅੱਜ ਲੋਕ ਸਭਾ ''ਚ ਸੰਬੋਧਨ ਕਰਨਗੇ PM ਮੋਦੀ ! ਮਿਡਲ ਈਸਟ ''ਚ ਛਿੜੀ ਜੰਗ ''ਤੇ ਰੱਖਣਗੇ ਵਿਚਾਰ
Monday, Mar 23, 2026 - 12:53 PM (IST)
ਨਵੀਂ ਦਿੱਲੀ- ਪੱਛਮੀ ਏਸ਼ੀਆ 'ਚ ਚੱਲ ਰਹੇ ਭਿਆਨਕ ਸੰਘਰਸ਼ ਅਤੇ ਇਸ ਦੇ ਵਿਸ਼ਵਵਿਆਪੀ ਪ੍ਰਭਾਵਾਂ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 2 ਵਜੇ ਲੋਕ ਸਭਾ ਨੂੰ ਸੰਬੋਧਨ ਕਰਨਗੇ। ਬਜਟ ਸੈਸ਼ਨ ਦੌਰਾਨ ਹੋਣ ਵਾਲੇ ਇਸ ਸੰਬੋਧਨ 'ਚ ਪੀਐੱਮ ਮੋਦੀ ਭਾਰਤ ਦੇ ਰੁਖ਼ ਅਤੇ ਦੇਸ਼ ਵਾਸੀਆਂ ਨੂੰ ਇਸ ਸੰਕਟ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦੇਣਗੇ।
ਉੱਚ ਪੱਧਰੀ ਬੈਠਕ 'ਚ ਬਣੀ ਰਣਨੀਤੀ
ਪ੍ਰਧਾਨ ਮੰਤਰੀ ਦਫ਼ਤਰ (PMO) 'ਚ ਕੈਬਨਿਟ ਸਕੱਤਰ ਨੇ ਇਕ ਵਿਸਥਾਰਪੂਰਵਕ ਪੇਸ਼ਕਾਰੀ ਰਾਹੀਂ ਵਿਸ਼ਵ ਸਥਿਤੀ ਅਤੇ ਭਾਰਤ ਦੇ ਵੱਖ-ਵੱਖ ਮੰਤਰਾਲਿਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਬੈਠਕ 'ਚ ਖੇਤੀਬਾੜੀ, ਪੈਟਰੋਲੀਅਮ, ਬਿਜਲੀ, ਸ਼ਿਪਿੰਗ ਅਤੇ ਸਪਲਾਈ ਚੇਨ ਵਰਗੇ ਅਹਿਮ ਖੇਤਰਾਂ 'ਤੇ ਜੰਗ ਦੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਗਿਆ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ 'ਖਰੀਫ ਸੀਜ਼ਨ' ਲਈ ਖਾਦਾਂ (Fertilisers) ਦਾ ਲੋੜੀਂਦਾ ਸਟਾਕ ਮੌਜੂਦ ਹੈ ਅਤੇ ਖਾਦਾਂ ਦੇ ਬਦਲਵੇਂ ਸਰੋਤਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ, ਬਿਜਲੀ ਪਲਾਂਟਾਂ 'ਚ ਕੋਲੇ ਦਾ ਢੁਕਵਾਂ ਭੰਡਾਰ ਹੋਣ ਕਾਰਨ ਦੇਸ਼ 'ਚ ਬਿਜਲੀ ਦੀ ਕਿੱਲਤ ਨਹੀਂ ਹੋਣ ਦਿੱਤੀ ਜਾਵੇਗੀ।
ਆਮ ਆਦਮੀ ਦੀ ਸੁਰੱਖਿਆ ਪਹਿਲ
ਪ੍ਰਧਾਨ ਮੰਤਰੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਸਰਕਾਰ ਦੇ ਸਾਰੇ ਅੰਗ ਮਿਲ ਕੇ ਕੰਮ ਕਰਨ ਤਾਂ ਜੋ ਆਮ ਨਾਗਰਿਕਾਂ ਨੂੰ ਜੰਗ ਕਾਰਨ ਘੱਟ ਤੋਂ ਘੱਟ ਮੁਸ਼ਕਲ ਆਵੇ। ਪੀਐੱਮ ਮੋਦੀ ਨੇ ਸੂਬਾ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜ਼ਰੂਰੀ ਵਸਤਾਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਤਾਲਮੇਲ ਬਣਾ ਕੇ ਰੱਖਣ। ਉਦਯੋਗਿਕ ਖੇਤਰ ਲਈ ਕੱਚੇ ਮਾਲ ਦੀ ਦਰਾਮਦ (Import) ਨੂੰ ਵਿਭਿੰਨ ਬਣਾਉਣ ਅਤੇ ਭਾਰਤੀ ਸਮਾਨ ਦੇ ਨਿਰਯਾਤ (Export) ਲਈ ਨਵੇਂ ਬਾਜ਼ਾਰ ਵਿਕਸਿਤ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਪੀਐੱਮ ਨੇ ਕਿਹਾ ਕਿ ਇਹ ਇਕ ਬਦਲਦੀ ਹੋਈ ਸਥਿਤੀ ਹੈ ਅਤੇ ਪੂਰੀ ਦੁਨੀਆ ਪ੍ਰਭਾਵਿਤ ਹੈ, ਪਰ ਭਾਰਤ ਆਪਣੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
