ਰੋਜ਼ਾਨਾ ਪ੍ਰਸ਼ਨਕਾਲ ''ਚ ਰੁਕਾਵਟ ਪਾਉਣਾ ਵੋਟਰਾਂ ਦਾ ਅਪਮਾਨ ਹੈ : ਬਿਰਲਾ
Thursday, Feb 06, 2025 - 12:27 PM (IST)
ਨਵੀਂ ਦਿੱਲੀ- ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀਰਵਾਰ ਨੂੰ ਸਦਨ 'ਚ ਵਿਰੋਧੀ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਕਿਹਾ ਕਿ ਰੋਜ਼ਾਨਾ ਪ੍ਰਸ਼ਨਕਾਲ 'ਚ ਗਤੀਰੋਧ ਪੈਦਾ ਕਰਨਾ ਭਾਰਤ ਦੇ ਵੋਟਰਾਂ ਦਾ ਅਪਮਾਨ ਹੈ। ਵਿਰੋਧੀ ਮੈਂਬਰਾਂ ਨੇ ਅਮਰੀਕਾ ਤੋਂ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜੇ ਜਾਣ ਦੇ ਮੁੱਦੇ 'ਤੇ ਸਦਨ 'ਚ ਹੰਗਾਮਾ ਕੀਤਾ। ਲੋਕ ਸਭਾ ਸਪੀਕਰ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਨਾਅਰੇਬਾਜ਼ੀ ਬੰਦ ਕਰਨ ਅਤੇ ਸਦਨ ਚੱਲਣ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,''ਯੋਜਨਾਬੱਧ ਤਰੀਕੇ ਨਾਲ ਸਦਨ 'ਚ ਰੁਕਾਵਟ ਪੈਦਾ ਕਰਨਾ ਸੰਸਦੀ ਪਰੰਪਰਾਵਾਂ ਦੇ ਅਨੁਰੂਪ ਨਹੀਂ ਹੈ।''
ਬਿਰਲਾ ਨੇ ਇਹ ਵੀ ਕਿਹਾ,''ਤੁਹਾਡੇ ਸਾਰੇ ਮੁੱਦਿਆਂ ਨੂੰ ਸਰਕਾਰ ਨੇ ਨੋਟਿਸ 'ਚ ਲਿਆ ਹੈ। ਇਹ ਵਿਦੇਸ਼ ਨੀਤੀ ਦਾ ਮਾਮਲਾ ਹੈ। ਉਨ੍ਹਾਂ ਦੀਆਂ ਆਪਣੀਆਂ ਨੀਤੀਆਂ ਹਨ। ਸਰਕਾਰ ਇਸ ਪ੍ਰਤੀ ਗੰਭੀਰ ਹੈ। ਤੁਹਾਨੂੰ ਬੇਨਤੀ ਹੈ ਕਿ ਸਦਨ ਨੂੰ ਕੰਮ ਕਰਨ ਦਿੱਤਾ ਜਾਵੇ। ਤੁਸੀਂ ਲੋਕ ਹਰ ਰੋਜ਼ ਪ੍ਰਸ਼ਨ ਕਾਲ 'ਚ ਰੁਕਾਵਟ ਪੈਦਾ ਕਰਕੇ ਭਾਰਤੀ ਵੋਟਰਾਂ ਦਾ ਅਪਮਾਨ ਕਰ ਰਹੇ ਹੋ।'' ਇਸ ਤੋਂ ਬਾਅਦ ਵੀ ਜਦੋਂ ਹੰਗਾਮਾ ਨਹੀਂ ਰੁਕਿਆ ਤਾਂ ਉਨ੍ਹਾਂ ਨੇ ਸਦਨ ਦੀ ਕਾਰਵਾਈ ਸਵੇਰੇ 11:10 ਵਜੇ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ਦੇ ਕੁਝ ਮਿੰਟਾਂ ਅੰਦਰ ਹੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8