ਲੋਕ ਸਭਾ ਚੋਣਾਂ ''ਚ ਹਾਰ ਦੇ ਕਾਰਨਾਂ ਦੀ ਪੜਤਾਲ ਕਰਨਗੇ ਪ੍ਰਿਯੰਕਾ ਅਤੇ ਸਿੰਧੀਆ
Monday, Jun 10, 2019 - 03:10 PM (IST)

ਲਖਨਊ— ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਜੋਤੀਰਾਦਿੱਤਿਯ ਸਿੰਧੀਆ ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਦੇ ਕਾਰਨਾਂ ਦੀ ਪੜਤਾਲ ਕਰਨ ਦੇ ਨਾਲ ਉੱਤਰ ਪ੍ਰਦੇਸ਼ 'ਚ 2022 'ਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨਗੇ। ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਮੰਗਲਵਾਰ ਨੂੰ 2 ਦਿਨਾ ਦੌਰੇ 'ਤੇ ਰਾਏਬਰੇਲੀ ਪਹੁੰਚੇਗੀ ਅਤੇ ਬੁੱਧਵਾਰ ਨੂੰ ਪਾਰਟੀ ਅਹੁਦਾ ਅਧਿਕਾਰੀਆਂ ਨਾਲ ਬੈਠਕ ਕਰ ਕੇ ਪੂਰਵਾਂਚਲ 'ਚ 40 ਲੋਕ ਸਭਾ ਸੀਟਾਂ 'ਤੇ ਪ੍ਰਦਰਸ਼ਨ ਦੀ ਸਮੀਖਿਆ ਕਰੇਗੀ। ਇਸੇ ਤਰ੍ਹਾਂ ਪੱਛਮੀ ਉੱਤਰ ਪ੍ਰਦੇਸ਼ ਦੇ ਇੰਚਾਰਜ ਜੋਤੀਰਾਦਿੱਤਿਯ ਲਖਨਊ 'ਚ 14 ਜੂਨ ਨੂੰ ਹਾਰ ਦੇ ਕਾਰਨਾਂ ਨੂੰ ਲੱਭਣਗੇ ਅਤੇ ਨਵੇਂ ਸਿਰੇ ਤੋਂ ਪਾਰਟੀ ਦੀ ਮਜ਼ਬੂਤੀ ਲਈ ਰਣਨੀਤੀ ਬਣਾਉਣਗੇ। ਇਸ ਤੋਂ ਪਹਿਲਾਂ ਪ੍ਰਿਯੰਕਾ ਦਾ ਸ਼ਨੀਵਾਰ ਨੂੰ ਪ੍ਰਸਤਾਵਿਤ ਪ੍ਰਯਾਗਰਾਜ ਦੌਰਾ ਆਖਰੀ ਪਲਾਂ 'ਚ ਰੱਦ ਹੋ ਗਿਆ ਸੀ। ਰਾਏਬਰੇਲੀ 'ਚ ਪ੍ਰਸਤਾਵਿਤ ਕਰੀਬ 7 ਘੰਟੇ ਦੀ ਮੈਰਾਥਨ ਬੈਠਕ ਦੌਰਾਨ ਪ੍ਰਿਯੰਕਾ 40 ਸੰਸਦੀ ਖੇਤਰਾਂ 'ਚ ਹਾਰੇ ਹੋਏ ਪਾਰਟੀ ਉਮੀਦਵਾਰਾਂ ਅਤੇ ਜ਼ਿਲਾ ਪ੍ਰਧਾਨਾਂ ਨਾਲ ਗੱਲ ਕਰੇਗੀ।
ਪ੍ਰਿਯੰਕਾ 11 ਜੂਨ ਨੂੰ ਸ਼ਾਮ 7.30 ਵਜੇ ਫੁਰਸਤਗੰਜ ਹਵਾਈ ਅੱਡਾ ਪਹੁੰਚੇਗੀ, ਜਿੱਥੋਂ ਉਹ ਭੁਈਮਊ ਮਹਿਮਾਨ ਘਰ ਜਾਵੇਗੀ। ਰਾਤ ਦੌਰਾ ਕਰਨ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਬੁੱਧਵਾਰ ਸਵੇਰੇ 9.30 ਵਜੇ ਤੋਂ ਪੂਰਬੀ ਉੱਤਰ ਪ੍ਰਦੇਸ਼ ਦੀ ਪਾਰਟੀ ਸੰਗਠਨ ਦੀਆਂ ਬੈਠਕਾਂ 'ਚ ਹਿੱਸਾ ਲਵੇਗੀ। ਵਰਕਰਾਂ ਅਤੇ ਸੀਨੀਅਰ ਨੇਤਾਵਾਂ ਨਾਲ ਵਿਚਾਰ ਦਾ ਇਹ ਸਿਲਸਿਲਾ ਸ਼ਾਮ 5 ਵਜੇ ਤੱਕ ਚੱਲੇਗਾ। ਪ੍ਰਿਯੰਕਾ ਰਾਤ 9 ਵਜੇ ਦਿੱਲੀ ਵਾਪਸ ਜਾਵੇਗੀ। ਦੂਜੇ ਪਾਸੇ ਸਿੰਧੀਆ ਸ਼ੁੱਕਰਵਾਰ ਨੂੰ ਲਖਨਊ ਆਉਣਗੇ ਅਤੇ ਸਵੇਰੇ 11 ਵਜੇ ਤੋਂ ਸ਼ਾਮ 6.20 ਦਰਮਿਆਨ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਪਾਰਟੀ ਅਹੁਦਾ ਅਧਿਕਾਰੀਆਂ ਨਲਾ ਬੈਠਕ ਕਰ ਕੇ ਹਾਰ ਦੇ ਕਾਰਨਾਂ ਦੀ ਸਮੀਖਿਆ ਕਰਨਗੇ। ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਉੱਤਰ ਪ੍ਰਦੇਸ਼ ਅਤੇ ਰਾਏਬਰੇਲੀ ਦੇ ਤੌਰ 'ਤੇ ਇਕ ਮਾਤਰ ਸੀਟ ਹਾਸਲ ਹੋਈ ਸੀ। ਇਨ੍ਹਾਂ ਚੋਣਾਂ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੇ ਗੜ੍ਹ ਅਮੇਠੀ ਨੂੰ ਗਵਾਉਣਾ ਪਿਆ ਸੀ। ਉਨ੍ਹਾਂ ਨੂੰ ਭਾਜਪਾ ਦੀ ਸਮਰਿਤੀ ਇਰਾਨੀ ਨੇ ਹਰਾਇਆ ਸੀ।