ਚੋਣਾਂ ਦਾ 5ਵਾਂ ਗੇੜ : ਰਾਜਨਾਥ, ਮਾਇਆਵਤੀ ਸਮੇਤ ਇਨ੍ਹਾਂ ਨੇਤਾਵਾਂ ਨੇ ਪਾਈਆਂ ਵੋਟਾਂ
Monday, May 06, 2019 - 11:05 AM (IST)
ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ 5ਵੇਂ ਗੇੜ 'ਚ 7 ਸੂਬਿਆਂ ਦੀਆਂ 51 ਸੀਟਾਂ 'ਤੇ ਸੋਮਵਾਰ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। 5ਵੇਂ ਗੇੜ 'ਚ 674 ਉਮੀਦਵਾਰਾਂ ਦਾ ਭਵਿੱਖ ਈ. ਵੀ. ਐੱਮ. 'ਚ ਬੰਦ ਹੋਵੇਗਾ। ਇਸ ਗੇੜ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਮਰਿਤੀ ਇਰਾਨੀ ਵਰਗੇ ਦਿੱਗਜ਼ ਨੇਤਾਵਾਂ ਦੀ ਕਿਸਮਤ ਦਾਅ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਪੀ. ਐੱਮ. ਨੇ ਟਵੀਟ ਕਰਦੇ ਹੋਏ ਕਿਹਾ, ''ਇਕ ਵੋਟ ਸਾਡੇ ਲੋਕਤੰਤਰ ਨੂੰ ਖੁਸ਼ਹਾਲ ਕਰਨ ਅਤੇ ਭਾਰਤ ਦੇ ਬਿਹਤਰ ਭਵਿੱਖ ਵਿਚ ਯੋਗਦਾਨ ਦੇਣ ਦਾ ਸਭ ਤੋਂ ਪ੍ਰਭਾਵੀ ਤਰੀਕਾ ਹੈ। ਮੈਨੂੰ ਉਮੀਦ ਹੈ ਕਿ ਮੇਰੇ ਨੌਜਵਾਨ ਮਿੱਤਰ ਰਿਕਾਰਡ ਗਿਣਤੀ ਵਿਚ ਵੋਟਾਂ ਪਾਉਣਗੇ।'' ਭਾਜਪਾ ਲਈ ਇਹ ਗੇੜ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਉਸ ਨੂੰ 51 'ਚੋਂ 40 ਸੀਟਾਂ ਮਿਲੀਆਂ ਸਨ। ਓਧਰ ਕਾਂਗਰਸ ਨੂੰ ਸਿਰਫ ਦੋ ਸੀਟਾਂ 'ਤੇ ਹੀ ਜਿੱਤ ਮਿਲੀ ਸੀ।

ਵੋਟਾਂ ਨੂੰ ਲੈ ਕੇ ਜਿੱਥੇ ਆਮ ਵੋਟਰਾਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਨੇਤਾਵਾਂ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਲਖਨਊ ਸੀਟ ਤੋਂ ਭਾਜਪਾ ਉਮੀਦਵਾਰ ਰਾਜਨਾਥ ਸਿੰਘ ਨੇ ਸਕਾਲਰ ਹੋਮ ਸਕੂਲ 'ਚ ਬੂਥ ਨੰਬਰ-33 'ਤੇ ਆਪਣੇ ਪਰਿਵਾਰ ਨਾਲ ਵੋਟ ਪਾਈ।

ਜੈਪੁਰ ਵਿਚ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਆਪਣੀ ਪਤਨੀ ਗਾਇਤਰੀ ਨਾਲ ਵੋਟ ਪਾਈ। ਰਾਜਵਰਧਨ ਰਾਜਸਥਾਨ ਦੀ ਜੈਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਹਨ।

ਝਾਰਖੰਡ ਦੇ ਹਜ਼ਾਰੀਬਾਗ ਤੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਆਪਣੀ ਪਤਨੀ ਨੀਲਿਮਾ ਨਾਲ ਵੋਟ ਪਾਉਣ ਪੁੱਜੇ।

ਬਸਪਾ ਮੁਖੀ ਮਾਇਆਵਤੀ ਨੇ ਲਖਨਊ ਦੇ ਸਿਟੀ ਇੰਟਰ ਕਾਲਜ ਸਥਿਤ ਵੋਟਿੰਗ ਕੇਂਦਰ 'ਤੇ ਵੋਟ ਪਾਈ।
5ਵੇਂ ਗੇੜ 'ਚ ਉੱਤਰ ਪ੍ਰਦੇਸ਼ ਵਿਚ 14, ਰਾਜਸਥਾਨ ਵਿਚ 12, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਚ 7-7, ਬਿਹਾਰ 'ਚ 5, ਝਾਰਖੰਡ 'ਚ 4 ਅਤੇ ਜੰਮੂ-ਕਸ਼ਮੀਰ 'ਚ 2 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। 5ਵੇਂ ਗੇੜ ਦੀ ਸਮਾਪਤੀ ਨਾਲ ਹੀ ਲੋਕ ਸਭਾ ਦੀਆਂ 425 ਸੀਟਾਂ ਲਈ ਚੋਣਾਂ ਪੂਰੀਆਂ ਹੋ ਜਾਣਗੀਆਂ ਅਤੇ ਬਾਕੀ 2 ਗੇੜ ਵਿਚ 118 ਸੀਟਾਂ ਲਈ ਵੋਟਿੰਗ ਬਾਕੀ ਰਹਿ ਜਾਵੇਗੀ।
