ਘਰ ਜਾਣ ਦੀ ਜਿੱਦ! ਦਿੱਲੀ ਤੋਂ ਸਾਈਕਲ ''ਤੇ ਬਿਹਾਰ ਜਾ ਰਹੇ ਇਕ ਮਜ਼ਦੂਰ ਦੀ ਮੌਤ

Saturday, May 02, 2020 - 12:38 PM (IST)

ਘਰ ਜਾਣ ਦੀ ਜਿੱਦ! ਦਿੱਲੀ ਤੋਂ ਸਾਈਕਲ ''ਤੇ ਬਿਹਾਰ ਜਾ ਰਹੇ ਇਕ ਮਜ਼ਦੂਰ ਦੀ ਮੌਤ

ਸ਼ਾਹਜਹਾਂਪੁਰ (ਭਾਸ਼ਾ)— ਲਾਕਡਾਊਨ ਕਾਰਨ ਦਿੱਲੀ ਤੋਂ ਬਿਹਾਰ ਸਾਈਕਲ 'ਤੇ ਜਾ ਰਹੇ ਕੁਝ ਮਜ਼ਦੂਰਾਂ 'ਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੇ ਬਾਕੀ ਸਾਥੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਪੁਲਸ ਖੇਤਰ ਅਧਿਕਾਰੀ ਨਗਰ ਪ੍ਰਵੀਣ ਨੇ ਸ਼ਨੀਵਾਰ ਨੂੰ ਦੱਸਿਆ ਕਿ ਦਿੱਲੀ ਵਿਚ ਰਹਿ ਰਹੇ ਦਿਹਾੜੀ ਮਜ਼ਦੂਰੀ ਕਰ ਰਹੇ ਬਿਹਾਰ ਦੇ ਖਗੜੀਆ ਜ਼ਿਲੇ ਦੇ ਰਹਿਣ ਵਾਲੇ ਅੱਧਾ ਦਰਜਨ ਮਜ਼ਦੂਰ ਲਾਕਡਾਊਨ 'ਚ ਆਵਾਜਾਈ ਦੇ ਸਾਧਨ ਬੰਦ ਹੋਣ ਕਾਰਣ ਘਰ ਜਾਣ ਲਈ 28 ਅਪ੍ਰੈਲ ਨੂੰ ਸਾਈਕਲ 'ਤੇ ਦਿੱਲੀ ਤੋਂ ਚਲੇ ਸਨ। ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਇਹ ਮਜ਼ਦੂਰ ਸ਼ਹਿਰ ਦੇ ਹੀ ਲਖਨਊ-ਦਿੱਲੀ ਹਾਈਵੇਅ 'ਤੇ ਬਰੇਲੀ ਮੋੜ ਨੇੜੇ ਰੁਕ ਗਏ। ਉੱਥੇ ਧਰਮਵੀਰ ਨਾਂ ਦੇ ਮਜ਼ਦੂਰ ਦੀ ਸਿਹਤ ਖਰਾਬ ਹੋ ਗਈ ਤਾਂ ਉਸ ਦੇ ਸਾਥੀ ਮਜ਼ਦੂਰ ਆਪਣੇ ਸਾਥੀ ਨੂੰ ਲੈ ਕੇ ਮੈਡੀਕਲ ਕਾਜਲ ਪਹੁੰਚੇ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਡਾਕਟਰ ਰਾਜੀਵ ਗੁਪਤਾ ਨੇ ਦੱਸਿਆ ਕਿ ਮ੍ਰਿਤਕ ਧਰਮਵੀਰ ਦਾ ਨਮੂਨਾ ਕੋਰੋਨਾ ਵਾਇਰਸ ਜਾਂਚ ਲਈ ਭੇਜਿਆ ਗਿਆ ਹੈ ਅਤੇ ਉਸ ਦੇ ਸਾਥੀਆਂ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਜੇਕਰ ਮ੍ਰਿਤਕ 'ਚ ਵਾਇਰਸ ਦੀ ਪੁਸ਼ਟੀ ਹੁੰਦੀ ਹੈ ਤਾਂ ਬਾਕੀ ਮਜ਼ਦੂਰਾਂ ਦੇ ਨਮੂਨੇ ਵੀ ਜਾਂਚ ਲਈ ਭੇਜੇ ਜਾਣਗੇ। ਓਧਰ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜੀ ਹੈ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਹਾਲਾਤ ਚਿੰਤਾਜਨਕ ਬਣੇ ਹੋਏ ਹਨ ਅਤੇ ਇੱਥੇ ਕੁੱਲ 3,738 ਲੋਕ ਇਸ ਮਹਾਂਮਾਰੀ ਤੋਂ ਪੀੜਤ ਹੋਏ ਹਨ। ਦਿੱਲੀ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 61 ਹੋ ਗਈ ਹੈ, ਜਦਕਿ ਹੁਣ ਤੱਕ ਕੁੱਲ 1,167 ਮਰੀਜ਼ਾਂ ਨੂੰ ਇਲਾਜ ਮਗਰੋਂ ਹਸਪਤਾਲਾਂ 'ਚੋਂ ਛੁੱਟੀ ਦੇ ਦਿੱਤੀ ਗਈ ਹੈ।


author

Tanu

Content Editor

Related News