ਹੁਣ ਹਰਿਆਣਾ ਅਤੇ ਹਿਮਾਚਲ ਦੇ ਫਲ-ਸਬਜ਼ੀ ਦਾ ਸੁਆਦ ਨਹੀਂ ਲੈ ਸਕਣਗੇ ਦਿੱਲੀ ਵਾਲੇ

Tuesday, Apr 28, 2020 - 08:11 PM (IST)

ਹੁਣ ਹਰਿਆਣਾ ਅਤੇ ਹਿਮਾਚਲ ਦੇ ਫਲ-ਸਬਜ਼ੀ ਦਾ ਸੁਆਦ ਨਹੀਂ ਲੈ ਸਕਣਗੇ ਦਿੱਲੀ ਵਾਲੇ

ਚੰਡੀਗੜ੍ਹ-ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਹਰਿਆਣਾ ਅਤੇ ਦਿੱਲੀ ‘ਚ ਵਿਵਾਦ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਦਿੱਲੀ ਵਾਲੇ ਹੁਣ ਹਰਿਆਣਾ ਅਤੇ ਹਿਮਾਚਲ ਦੀਆਂ ਸਬਜ਼ੀਆਂ ਅਤੇ ਫਲਾਂ ਦਾ ਵੀ ਸੁਆਦ ਫਿਲਹਾਲ ਨਹੀਂ ਚੱਖ ਸਕਣਗੇ। ਦਰਅਸਲ ਹਰਿਆਣਾ ਨੇ ਦਿੱਲੀ ਦੇ ਲਈ ਸਬਜ਼ੀਆਂ ਭੇਜਣ 'ਤੇ ਰੋਕ ਲਾ ਦਿੱਤੀ ਹੈ। ਹੁਣ ਨਾ ਹਰਿਆਣਾ ਦੀ ਸਬਜ਼ੀ ਦਿੱਲੀ ਜਾਵੇਗੀ ਅਤੇ ਨਾ ਹੀ ਦਿੱਲੀ ਦੀ ਆਜ਼ਾਦਪੁਰ ਮੰਡੀ ਤੋਂ ਹਰਿਆਣਾ ਦੀ ਮਾਰਕੀਟ 'ਚ ਆਵੇਗੀ। ਇਸ ਤੋਂ ਇਲਾਵਾ ਹਿਮਾਚਲ ਤੋਂ ਜਾਂਦੇ ਸਬਜ਼ੀਆਂ ਤੇ ਫਲਾਂ ਦੇ ਟਰੱਕ ਵੀ ਹਰਿਆਣਾ 'ਚ ਲੰਘ ਕੇ ਨਹੀਂ ਜਾ ਸਕਣਗੇ। ਦੱਸ ਦੇਈਏ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹਰਿਆਣਾ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਗਏ ਹਨ। 

ਦੱਸਣਯੋਗ ਹੈ ਕਿ ਕੋਰੋਨਾ ਇਨਫੈਕਸ਼ਨ ਨੂੰ ਲੈ ਕੇ ਹਰਿਆਣਾ ਦਾ ਦੋਸ਼ ਲਾਇਆ ਹੈ ਕਿ ਦਿੱਲੀ ਤੋਂ ਇਨਫੈਕਟਡ ਹੋ ਕੇ ਲੋਕ ਇੱਥੇ ਆ ਰਹੇ ਹਨ, ਜਿਸ ਕਾਰਨ ਕੋਰੋਨਾ ਪਾਜ਼ੇਟਿਵ ਮਾਮਲੇ ਵੱਧ ਰਹੇ ਹਨ। ਹਰਿਆਣਾ ਸਰਕਾਰ ਨੇ ਸੋਨੀਪਤ, ਬਹਾਦੁਰਗੜ੍ਹ, ਗੁਰੂਗ੍ਰਾਮ ਤੇ ਫਰੀਦਾਬਾਦ ਤੋਂ ਦਿੱਲੀ ਜਾਣ ਦੀਆਂ ਸਾਰੀਆਂ ਸਰਹੱਦਾਂ ਸਖ਼ਤੀ ਨਾਲ ਬੰਦ ਕਰ ਦਿੱਤੀਆਂ ਹਨ। ਹੁਣ ਗੁਰੂਗ੍ਰਾਮ ਤੇ ਫਰੀਦਾਬਾਦ ਦੇ ਲੋਕਾਂ ਦੀ ਪੂਰੀ ਜਾਂਚ ਤੋਂ ਬਾਅਦ ਹੀ ਆਵਾਜਾਈ ਹੋ ਰਹੀ ਹੈ।

ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੋਸ਼ ਲਾਇਆ ਸੀ ਕਿ ਦਿੱਲੀ 'ਚ ਕੰਮ ਕਰਦੇ ਹਜ਼ਾਰਾਂ ਲੋਕ ਰੋਜ਼ਾਨਾ ਆਉਂਦੇ ਹਨ। ਦਿੱਲੀ ਸਰਕਾਰ ਇਨ੍ਹਾਂ ਲੋਕਾਂ ਨੂੰ ਪਾਸ ਜਾਰੀ ਕਰਦੀ ਹੈ। ਇਨ੍ਹਾਂ ‘ਚ ਪੁਲਸ ਵਾਲੇ ਵੀ ਸ਼ਾਮਲ ਹਨ। ਇਹ ਲੋਕ ਉਥੋਂ ਇਨਫੈਕਟਡ ਹੋ ਹਰਿਆਣਾ ‘ਚ ਇਨਫੈਕਸ਼ਨ ਫੈਲਾ ਰਹੇ ਹਨ। 

ਮਿਲੇ ਅੰਕੜਿਆਂ ਮੁਤਾਬਕ ਹਰਿਆਣਾ 'ਚ ਅੱਜ ਭਾਵ ਮੰਗਲਵਾਰ ਤੱਕ 296 ਕੋਰੋਨਾ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਲਾਂਕਿ 183 ਕੋਰੋਨਾ ਦੇ ਮਰੀਜ਼ ਠੀਕ ਹੋ ਚੁੱਕੇ ਹਨ। 


author

Iqbalkaur

Content Editor

Related News