ਲਾਕਡਾਊਨ-3: ਕਰਨਾਟਕ ਸਰਕਾਰ ਨੇ ਆਮ ਲੋਕਾਂ ਦੀ ਲਈ ਸਾਰ, ਕਰੋੜਾਂ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ
Wednesday, May 06, 2020 - 04:51 PM (IST)

ਬੈਂਗਲੁਰੂ (ਭਾਸ਼ਾ)— ਕਰਨਾਟਕ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਦੇ ਮਕਸਦ ਨਾਲ ਲਾਏ ਗਏ ਲਾਕਡਾਊਨ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਲਾਭ ਦੇਣ ਲਈ 1,610 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਬੁੱਧਵਾਰ ਭਾਵ ਅੱਜ ਐਲਾਨ ਕੀਤਾ ਹੈ। ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਇਸ ਪੈਕੇਜ ਦਾ ਐਲਾਨ ਕੀਤਾ ਹੈ, ਜਿਸ ਨਾਲ ਕਿਸਾਨਾਂ, ਧੋਬੀਆਂ, ਆਟੋ ਰਿਕਸ਼ਾ ਚਾਲਕਾਂ, ਟੈਕਸੀ ਡਰਾਈਵਰਾਂ, ਵੱਡੇ ਉਦਯੋਗਾਂ, ਬੁਣਕਰਾਂ, ਨਿਰਮਾਣ ਕਰਮਚਾਰੀਆਂ ਅਤੇ ਨਾਈਂਆਂ ਆਦਿ ਨੂੰ ਰਾਹਤ ਮਿਲੇਗੀ। ਸਰਕਾਰ ਨੇ 11 ਫੀਸਦੀ ਐਕਸਾਈਜ਼ ਡਿਊਟੀ ਵਧਾਉਣ ਦਾ ਐਲਾਨ ਕੀਤਾ ਹੈ, ਜੋ ਕਿ ਬਜਟ 'ਚ ਐਲਾਨ 6 ਫੀਸਦੀ ਡਿਊਟੀ ਤੋਂ ਵੱਧ ਹੈ।
ਮੁੱਖ ਮੰਤਰੀ ਨੇ ਕਿਹਾ ਹੈ ਕਿ ਪਿਛਲੇ ਡੇਢ ਮਹੀਨ ਤੋਂ ਵੱਧ ਸਮੇਂ ਤੋਂ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਲਾਕਡਾਊਨ ਕਾਰਨ ਮੰਗ ਘੱਟ ਹੋ ਜਾਣ ਦੀ ਵਜ੍ਹਾ ਤੋਂ ਮਾਲੀ ਨੇ ਆਪਣੇ ਫੁੱਲ ਨਸ਼ਟ ਕਰ ਦਿੱਤੇ ਹਨ। ਸਰਕਾਰ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਫਸਲ ਦੇ ਨੁਕਸਾਨ ਲਈ 25,000 ਰੁਪਏ ਪ੍ਰਤੀ ਹੈਕਟੇਅਰ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਫਸਲ ਦੇ ਨੁਕਸਾਨ 'ਤੇ ਜ਼ਿਆਦਾਤਰ ਇਕ ਹੈਕਟੇਅਰ ਤੱਕ ਲਈ ਮੁਆਵਜ਼ਾ ਦਿੱਤਾ ਜਾਵੇਗਾ। ਸਬਜ਼ੀਆਂ ਅਤੇ ਫਲ ਉਗਾਉਣ ਵਾਲੇ ਕਿਸਾਨ ਮੰਡੀਆਂ ਤੱਕ ਆਪਣਾ ਸਾਮਾਨ ਨਹੀਂ ਲੈ ਜਾ ਸਕੇ। ਸਰਕਾਰ ਨੇ ਉਨ੍ਹਾਂ ਲਈ ਵੀ ਰਾਹਤ ਦਾ ਐਲਾਨ ਕੀਤਾ ਹੈ। ਕੋਵਿਡ-19 ਨੇ ਨਾਈਂਆਂ ਅਤੇ ਧੋਬੀਆਂ ਵਰਗੇ ਸੇਵਾ ਪ੍ਰਦਾਤਾਵਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ, ਇਸ ਲਈ ਕਰੀਬ 60,000 ਧੋਬੀਆਂ ਅਤੇ 2,30,000 ਨਾਈਂਆਂ ਨੂੰ 5-5 ਹਜ਼ਾਰ ਰੁਪਏ ਦਾ ਇਕ ਵਾਰ ਮੁਆਵਜ਼ਾ ਮੁਹੱਈਆ ਕਰਾਇਆ ਜਾਵੇਗਾ।
ਯੇਦੀਯੁਰੱਪਾ ਨੇ ਕਿਹਾ ਕਿ ਲਾਕਡਾਊਨ ਕਾਰਨ ਐੱਮ. ਐੱਸ. ਐੱਮ. ਈ. ਨੂੰ ਵੀ ਭਾਰੀ ਨੁਕਸਾਨ ਹੋਇਆ ਅਤੇ ਉਨ੍ਹਾਂ ਨੂੰ ਪਟੜੀ 'ਤੇ ਲਿਆਉਣ ਵਿਚ ਸਮਾਂ ਲੱਗੇਗਾ। ਐੱਮ. ਐੱਸ. ਐੱਮ. ਈ. ਦਾ ਦੋ ਮਹੀਨੇ ਦਾ ਤੈਅ ਮਹੀਨੇ ਦਾ ਬਿਜਲੀ ਬਿੱਲ ਮੁਆਫ਼ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਸਾਰੇ ਵਰਗਾਂ ਦੇ ਬਿਜਲੀ ਉਪਭੋਗਤਾਵਾਂ ਨੂੰ ਵੀ ਕੁਝ ਰਾਹਤ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਬੁਣਕਰਾਂ ਲਈ 109 ਕਰੋੜ ਰੁਪਏ ਦੇ ਕਰਜ਼ ਮੁਆਫ਼ੀ ਯੋਜਨਾ ਦੀ ਪਹਿਲੇ ਹੀ ਐਲਾਨ ਕਰ ਦਿੱਤਾ ਹੈ, ਜਿਸ ਵਿਚੋਂ 29 ਰੁਪਏ 2019-20 'ਚ ਜਾਰੀ ਕੀਤੇ ਗਏ। ਬਾਕੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇਗੀ। ਸਰਕਾਰ ਨੇ ਡੀ. ਬੀ. ਟੀ. ਜ਼ਰੀਏ 11.80 ਲੱਖ ਨਿਰਮਾਣ ਕਰਮਚਾਰੀਆਂ ਦੇ ਖਾਤੇ ਵਿਚ ਪਹਿਲਾਂ ਹੀ 2-2 ਹਜ਼ਾਰ ਰੁਪਏ ਭੇਜ ਦਿੱਤੇ ਹਨ। ਬਾਕੀ ਕਰਮਚਾਰੀਆਂ ਦੇ ਖਾਤਿਆਂ ਵਿਚ ਇਹ ਰਾਸ਼ੀ ਪਹੁੰਚਾਉਣ ਦੀ ਪ੍ਰਕਿਰਿਆ ਜਾਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਕਤ ਮੁਆਵਜ਼ਾ ਕੁੱਲ 1,610 ਕਰੋੜ ਰੁਪਏ ਦਾ ਹੋਵੇਗਾ, ਜਿਸ ਨਾਲ ਲਾਕਡਾਊਨ ਕਾਰਨ ਪ੍ਰਭਾਵਿਤ ਹੋਏ ਲੋਕਾਂ ਨੂੰ ਫਾਇਦਾ ਮਿਲੇਗਾ।