ਹਰਿਆਣਾ ’ਚ ਰਾਜ ਸਭਾ ਦੀ ਇਕਲੌਤੀ ਸੀਟ ਲਈ ਲਾਬਿੰਗ ਸ਼ੁਰੂ

Saturday, Oct 26, 2024 - 12:29 PM (IST)

ਹਰਿਆਣਾ ’ਚ ਰਾਜ ਸਭਾ ਦੀ ਇਕਲੌਤੀ ਸੀਟ ਲਈ ਲਾਬਿੰਗ ਸ਼ੁਰੂ

ਨਵੀਂ ਦਿੱਲੀ- ਇਕ ਪਾਸੇ ਜਿੱਥੇ ਮਹਾਰਾਸ਼ਟਰ ਤੇ ਝਾਰਖੰਡ ’ਚ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਵੱਖ-ਵੱਖ ਸੂਬਿਆਂ ਦੀਆਂ 50 ਵਿਧਾਨ ਸਭਾ ਤੇ ਲੋਕ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉੱਥੇ ਦੂਜੇ ਪਾਸੇ ਚੋਣ ਕਮਿਸ਼ਨ ਨੂੰ ਜੰਮੂ-ਕਸ਼ਮੀਰ ਲਈ ਰਾਜ ਸਭਾ ਦੀਆਂ 4 ਸੀਟਾਂ ਅਤੇ ਕੁਝ ਹੋਰ ਸੂਬਿਆਂ ’ਚ ਜ਼ਿਮਨੀ ਚੋਣਾਂ ਵੀ ਕਰਵਾਉਣੀਆਂ ਪੈ ਸਕਦੀਆਂ ਹਨ। ਰਾਜ ਸਭਾ ’ਚ ਇਸ ਸਮੇਂ ਕੁਲ 231 ਮੈਂਬਰ ਹਨ, ਜਿਨ੍ਹਾਂ ’ਚੋਂ ਭਾਜਪਾ ਦੇ 95 ਹਨ। ਜੰਮੂ-ਕਸ਼ਮੀਰ ਦੀਆਂ 4, ਆਂਧਰਾ ਪ੍ਰਦੇਸ਼ ਦੀਆਂ 4, ਓਡੀਸ਼ਾ ਦੀ 1 ਤੇ ਹਰਿਆਣਾ ਦੀ 1 ਸੀਟ ਸਮੇਤ 10 ਸੀਟਾਂ ਖਾਲੀ ਹਨ।

ਹਰਿਆਣਾ ਤੋਂ ਰਾਜ ਸਭਾ ਦੀ ਇਕ ਹੀ ਸੀਟ ਲਈ ਭਾਜਪਾ ’ਚ ਲਾਬਿੰਗ ਜਾਰੀ ਹੈ। ਭਾਜਪਾ ਦੇ ਸੰਸਦ ਮੈਂਬਰ ਕ੍ਰਿਸ਼ਨਪਾਲ ਪੰਵਾਰ ਵੱਲੋਂ ਇਹ ਸੀਟ ਖਾਲੀ ਕੀਤੀ ਗਈ ਹੈ। ਪੰਵਾਰ ਇਸਰਾਨਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਹਨ। ਕੁਲਦੀਪ ਬਿਸ਼ਨੋਈ, ਜਿਨ੍ਹਾਂ ਦਾ ਪੁੱਤਰ ਵਿਧਾਨ ਸਭਾ ਚੋਣਾਂ ਹਾਰ ਗਿਆ ਹੈ, ਇਸ ਲਈ ਪਹਿਲਾਂ ਹੀ ਲਾਬਿੰਗ ਕਰ ਰਹੇ ਹਨ। ਉਹ ਅਮਿਤ ਸ਼ਾਹ ਨੂੰ ਵੀ ਮਿਲ ਚੁੱਕੇ ਹਨ। ਇਸ ਤੋਂ ਪਹਿਲਾਂ ਭਾਜਪਾ ਨੇ ਲੋਕ ਸਭਾ ਦਾ ਮੈਂਬਰ ਬਣੇ ਦੀਪੇਂਦਰ ਹੁੱਡਾ ਵੱਲੋਂ ਖਾਲੀ ਕੀਤੀ ਸੀਟ ’ਤੇ ਜਿੱਤ ਹਾਸਲ ਕੀਤੀ ਸੀ। ਇਹ ਭਾਜਪਾ ਲਈ ਇਕ ਤਰ੍ਹਾਂ ਦਾ ਬੋਨਸ ਸੀ, ਜਿਸ ਨੇ ਕਾਂਗਰਸ ਦੀ ਸਾਬਕਾ ਆਗੂ ਕਿਰਨ ਚੌਧਰੀ ਨੂੰ ਮੈਦਾਨ ’ਚ ਉਤਾਰ ਕੇ ਸੀਟ ਜਿੱਤੀ ਸੀ।

ਹਰਿਆਣਾ ਭਾਜਪਾ ਦੇ ਮੁਖੀ ਮੋਹਨ ਲਾਲ ਤੇ ਵਿਧਾਨ ਸਭਾ ਦੀ ਚੋਣ ਨਾ ਲੜਨ ਵਾਲੇ ਰਾਮ ਬਿਲਾਸ ਸ਼ਰਮਾ ਵੀ ਇਸ ਦੌੜ ’ਚ ਹਨ। ਵਾਈ. ਐੱਸ. ਆਰ. ਕਾਂਗਰਸ ਦੇ 2 ਤੇ ਬੀਜਦ ਦੇ ਇਕ ਮੈਂਬਰ ਨੇ ਕੁਝ ਸਮਾਂ ਪਹਿਲਾਂ ਹੀ ਰਾਜ ਸਭਾ ਦੇ ਮੈਂਬਰ ਵਜੋਂ ਅਸਤੀਫਾ ਦਿੱਤਾ ਸੀ। ਬੀਜਦ ਦੇ ਮੈਂਬਰ ਸੁਜੀਤ ਕੁਮਾਰ ਅਸਤੀਫਾ ਦੇਣ ਤੋਂ ਬਾਅਦ ਭਾਜਪਾ ’ਚ ਸ਼ਾਮਲ ਹੋ ਗਏ ਹਨ। ਭਾਜਪਾ ਵੱਲੋਂ ਸੂਬੇ ’ਚ ਜ਼ਿਮਨੀ ਚੋਣਾਂ ਜਿੱਤਣ ਦੀ ਉਮੀਦ ਹੈ। ਵਾਈ. ਐੱਸ. ਆਰ. ਕਾਂਗਰਸ ਦੇ 2 ਮੈਂਬਰਾਂ ਐੱਮ. ਵੈਂਕਟਰਮਨ ਰਾਓ ਤੇ ਬੀ. ਮਸਤਾਨ ਰਾਓ ਨੇ ਰਾਜ ਸਭਾ ਦੀ ਮੈਂਬਰੀ ਛੱਡ ਦਿੱਤੀ ਹੈ। ਉਨ੍ਹਾਂ ਦੇ ਟੀ. ਡੀ. ਪੀ. ’ਚ ਸ਼ਾਮਲ ਹੋਣ ਦੀ ਉਮੀਦ ਹੈ।

ਰਾਜ ਸਭਾ ਦੇ 2 ਹੋਰ ਮੈਂਬਰਾਂ ਵੱਲੋਂ ਵਾਈ. ਐੱਸ. ਆਰ. ਕਾਂਗਰਸ ਨੂੰ ਛੱਡਣ ਦੀ ਸੰਭਾਵਨਾ ਹੈ। ਜੰਮੂ-ਕਸ਼ਮੀਰ ’ਚ ਰਾਜ ਸਭਾ ਦੀਆਂ 4 ਸੀਟਾਂ ਲਈ ਹੋਣ ਵਾਲੀਆਂ ਚੋਣਾਂ ’ਚ ਨੈਸ਼ਨਲ ਕਾਨਫਰੰਸ ਗੱਠਜੋੜ ਵੱਲੋਂ 3 ਸੀਟਾਂ ਜਿੱਤਣ ਦੀ ਉਮੀਦ ਹੈ ਕਿਉਂਕਿ ਸੀ. ਪੀ. ਆਈ.-ਐੱਮ, ‘ਆਪ’ ਤੇ 5 ਆਜ਼ਾਦ ਉਮੀਦਵਾਰਾਂ ਸਮੇਤ ਗੱਠਜੋੜ ਦੀ ਗਿਣਤੀ 55 ਤੱਕ ਪਹੁੰਚ ਗਈ ਹੈ। ਭਾਜਪਾ ਨੂੰ ਇੱਥੋਂ ਰਾਜ ਸਭਾ ਦੀ ਇਕ ਸੀਟ ਮਿਲੇਗੀ। ਨੈਸ਼ਨਲ ਕਾਨਫਰੰਸ ਦੇ ਸੁਪਰੀਮੋ ਫਾਰੂਕ ਅਬਦੁੱਲਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਦੀ ਸੰਭਾਵਨਾ ਹੈ।
 


author

Tanu

Content Editor

Related News