ਚਿਰਾਗ ਪਾਸਵਾਨ ਵਿਰੁੱਧ ਇਕਜੁਟ ਹੋਏ ਲੋਜਪਾ ਸੰਸਦ ਮੈਂਬਰ

Monday, Jun 14, 2021 - 12:39 PM (IST)

ਚਿਰਾਗ ਪਾਸਵਾਨ ਵਿਰੁੱਧ ਇਕਜੁਟ ਹੋਏ ਲੋਜਪਾ ਸੰਸਦ ਮੈਂਬਰ

ਨਵੀਂ ਦਿੱਲੀ- ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ 6 ਲੋਕ ਸਭਾ ਮੈਂਬਰਾਂ 'ਚੋਂ 5 ਨੇ ਚਿਰਾਗ ਪਾਸਵਾਨ ਨੂੰ ਸੰਸਦ ਦੇ ਹੇਠਲੇ ਸਦਨ 'ਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾਉਣ ਅਤੇ ਉਨ੍ਹਾਂ ਦੇ ਚਾਚਾ ਪਸ਼ੂਪਤੀ ਕੁਮਾਰ ਪਾਰਸ ਨੂੰ ਇਸ ਅਹੁਦੇ 'ਤੇ ਨਿਯੁਕਤ ਕਰਨ ਲਈ ਹੱਥ ਮਿਲਾ ਲਿਆ ਹੈ। ਉੱਥੇ ਹੀ ਪਾਰਸ ਨੇ ਸੋਮਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਇਕ ਚੰਗਾ ਨੇਤਾ ਅਤੇ 'ਵਿਕਾਸ ਪੁਰਸ਼' ਦੱਸਿਆ ਅਤੇ ਇਸ ਦੇ ਨਾਲ ਹੀ ਪਾਰਟੀ 'ਚ ਇਕ ਵੱਡੀ ਦਰਾਰ ਉਜਾਗਰ ਹੋ ਗਈ, ਕਿਉਂਕਿ ਪਾਰਸ ਦੇ ਭਤੀਜੇ ਚਿਰਾਗ ਪਾਸਵਾਨ ਜਨਤਾ ਦਲ (ਯੂ) ਪ੍ਰਧਾਨ ਦੇ ਆਲੋਚਕ ਰਹੇ ਹਨ। ਹਾਜੀਪੁਰ ਤੋਂ ਸੰਸਦ ਮੈਂਬਰ ਪਾਰਸ ਨੇ ਕਿਹਾ,''ਮੈਂ ਪਾਰਟੀ ਨੂੰ ਤੋੜਿਆ ਨਹੀਂ ਸਗੋਂ ਬਚਾਇਆ ਹੈ।'' ਉਨ੍ਹਾਂ ਨੇ ਕਿਹਾ ਕਿ ਲੋਜਪਾ ਦੇ 99 ਫੀਸਦੀ ਵਰਕਰ ਪਾਸਵਾਨ ਦੀ ਅਗਵਾਈ 'ਚ ਬਿਹਾਰ 2020 ਵਿਧਾਨ ਸਭਾ ਚੋਣਾਂ 'ਚ ਜਨਤਾ ਦਲ (ਯੂ) ਵਿਰੁੱਧ ਪਾਰਟੀ ਦੇ ਲੜਨ ਅਤੇ ਅਸਫ਼ਲ ਰਹਿਣ ਤੋਂ ਕਾਫ਼ੀ ਨਾਖੁਸ਼ ਹਨ। ਪਾਰਸ ਨੇ ਕਿਹਾ ਕਿ ਉਨ੍ਹਾਂ ਦਾ ਧਿਰ ਭਾਜਪਾ ਦੀ ਅਗਵਾਈ ਰਾਜਗ ਸਰਕਾਰ ਨੂੰ ਹਿੱਸਾ ਬਣਿਆ ਰਹੇਗਾ ਅਤੇ ਪਾਸਵਾਨ ਵੀ ਸੰਗਠਨ ਦਾ ਹਿੱਸਾ ਬਣੇ ਰਹਿ ਸਕਦੇ ਹਨ।

ਚਿਰਾਗ ਪਾਸਵਾਨ ਵਿਰੁੱਧ ਹੱਥ ਮਿਲਾਉਣ ਵਾਲੇ 5 ਸੰਸਦ ਮੈਂਬਰਾਂ ਦੇ ਸਮੂਹ ਨੇ ਲੋਕ ਸਭਾ ਸਪੀਕਰ ਨੂੰ ਆਪਣਾ ਇਹ ਫ਼ੈਸਲਾ ਦੱਸ ਦਿੱਤਾ ਹੈ। ਹਾਲਾਂਕਿ ਪਾਰਸ ਨੇ ਇਸ ਸੰਦਰਭ 'ਚ ਕੋਈ ਟਿੱਪਣੀ ਨਹੀਂ ਕੀਤੀ। ਸੂਤਰਾਂ ਨੇ ਦੱਸਿਆ ਕਿ ਅਸੰਤੁਸ਼ਟ ਲੋਜਪਾ ਸੰਸਦ ਮੈਂਬਰਾਂ 'ਚ ਪ੍ਰਿੰਸ ਰਾਜ, ਚੰਦਨ ਸਿੰਘ, ਵੀਨਾ ਦੇਵੀ ਅਤੇ ਮਹਿਬੂਬ ਅਲੀ ਕੈਸਰ ਸ਼ਾਮਲ ਹਨ, ਜੋ ਚਿਰਾਗ ਦੇ ਕੰਮ ਕਰਨ ਦੇ ਤਰੀਕੇ ਤੋਂ ਨਾਖੁਸ਼ ਹਨ। 2020 'ਚ ਪਿਤਾ ਰਾਮਵਿਲਾਸ ਪਾਸਵਾਨ ਦੇ ਦਿਹਾਂਤ ਤੋਂ ਬਾਅਦ ਲੋਜਪਾ ਦਾ ਅਹੁਦਾ ਸੰਭਾਲਣ ਵਾਲੇ ਚਿਰਾਗ ਹੁਣ ਪਾਰਟੀ 'ਚ ਵੱਖ ਪੈਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਜਨਤਾ ਦਲ (ਯੂ) ਨੂੰ ਇਸ ਵੰਡ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਪਾਰਟੀ ਲੰਬੇ ਸਮੇਂ ਤੋਂ ਲੋਜਪਾ ਪ੍ਰਧਾਨ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਕਿਉਂਕਿ 2020 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁੱਧ ਜਾਣ ਦੇ ਚਿਰਾਗ ਦੇ ਫ਼ੈਸਲੇ ਨਾਲ ਸੱਤਾਧਾਰੀ ਪਾਰਟੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ।


author

DIsha

Content Editor

Related News