ਵਿਆਹੇ ਬੰਦੇ ਦਾ ਬਾਲਗ ਕੁੜੀ ਨਾਲ ਲਿਵ-ਇਨ ''ਚ ਰਹਿਣਾ ਜ਼ੁਰਮ ਨਹੀਂ, ਇਲਾਹਾਬਾਦ ਹਾਈ ਕੋਰਟ ਦਾ ਵੱਡਾ ਫੈਸਲਾ
Friday, Mar 27, 2026 - 02:41 PM (IST)
ਨੈਸ਼ਨਲ ਡੈਸਕ : ਇਲਾਹਾਬਾਦ ਹਾਈ ਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਲੈ ਕੇ ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵਿਆਹਿਆ ਹੋਇਆ ਵਿਅਕਤੀ ਕਿਸੇ ਬਾਲਗ ਔਰਤ ਨਾਲ ਉਸਦੀ ਮਰਜ਼ੀ ਨਾਲ ਲਿਵ-ਇਨ 'ਚ ਰਹਿੰਦਾ ਹੈ, ਤਾਂ ਇਸ ਨੂੰ ਅਪਰਾਧ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਨੈਤਿਕਤਾ ਤੇ ਕਾਨੂੰਨ ਦੋ ਵੱਖ-ਵੱਖ ਗੱਲਾਂ ਹਨ ਤੇ ਜਦੋਂ ਤੱਕ ਕੋਈ ਕਾਨੂੰਨ ਨਹੀਂ ਟੁੱਟਦਾ, ਸਿਰਫ਼ ਸਮਾਜਿਕ ਸੋਚ ਦੇ ਆਧਾਰ 'ਤੇ ਕਿਸੇ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।
ਇਹ ਮਾਮਲਾ ਸ਼ਾਹਜਹਾਂਪੁਰ ਦੇ ਜੈਤੀਪੁਰ ਥਾਣੇ ਦਾ ਹੈ, ਜਿੱਥੇ 8 ਜਨਵਰੀ 2026 ਨੂੰ ਇੱਕ ਮਾਂ ਨੇ ਆਪਣੀ ਧੀ ਅਨਾਮਿਕਾ (ਕਾਲਪਨਿਕ ਨਾਂ) ਦੇ ਅਗਵਾ ਹੋਣ ਦੀ ਐਫ.ਆਈ.ਆਰ. (BNS ਦੀ ਧਾਰਾ 87 ਤਹਿਤ) ਦਰਜ ਕਰਵਾਈ ਸੀ। ਮਾਂ ਦਾ ਦੋਸ਼ ਸੀ ਕਿ ਨੇਤਰਪਾਲ ਨਾਮ ਦਾ ਵਿਅਕਤੀ ਉਸ ਦੀ ਬਾਲਗ ਧੀ ਨੂੰ ਬਹਿਲਾ-ਫੁਸਲਾ ਕੇ ਲੈ ਗਿਆ ਹੈ। ਇਸ ਐਫ.ਆਈ.ਆਰ. ਨੂੰ ਰੱਦ ਕਰਵਾਉਣ ਲਈ ਇਹ ਜੋੜਾ ਹਾਈਕੋਰਟ ਪਹੁੰਚਿਆ ਸੀ। ਜਸਟਿਸ ਜੇ.ਜੇ. ਮੁਨੀਰ ਅਤੇ ਜਸਟਿਸ ਤਰੁਣ ਸਕਸੈਨਾ ਦੀ ਬੈਂਚ ਨੇ ਸੁਣਵਾਈ ਦੌਰਾਨ ਵਿਰੋਧੀ ਧਿਰ ਦੀ ਉਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਨੇਤਰਪਾਲ ਪਹਿਲਾਂ ਹੀ ਵਿਆਹਿਆ ਹੋਇਆ ਹੈ, ਇਸ ਲਈ ਉਸਦਾ ਦੂਜੀ ਔਰਤ ਨਾਲ ਰਹਿਣਾ ਅਪਰਾਧ ਹੈ। ਅਦਾਲਤ ਨੇ ਕਿਹਾ ਕਿ ਕਿਉਂਕਿ ਦੋਵੇਂ ਬਾਲਗ ਹਨ ਅਤੇ ਆਪਣੀ ਮਰਜ਼ੀ ਨਾਲ ਨਾਲ ਰਹਿ ਰਹੇ ਹਨ, ਇਸ ਲਈ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕੀਤੀ ਜਾ ਸਕਦੀ।
ਅਨਾਮਿਕਾ ਨੇ ਅਦਾਲਤ ਵਿੱਚ ਦੱਸਿਆ ਕਿ ਉਸਦੇ ਪਰਿਵਾਰ ਵੱਲੋਂ ਉਸਨੂੰ 'ਆਨਰ ਕਿਲਿੰਗ' (ਇੱਜ਼ਤ ਦੇ ਨਾਂ 'ਤੇ ਕਤਲ) ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਦਾਲਤ ਨੇ ਸ਼ਾਹਜਹਾਂਪੁਰ ਦੇ ਪੁਲਸ ਕਪਤਾਨ (SP) ਨੂੰ ਨਿੱਜੀ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਜੋੜੇ ਦੀ ਸੁਰੱਖਿਆ ਦੇ ਸਖ਼ਤ ਹੁਕਮ ਦਿੱਤੇ ਹਨ। ਅਦਾਲਤ ਨੇ ਲੜਕੀ ਦੇ ਪਰਿਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜੋੜੇ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ (ਫੋਨ ਜਾਂ ਮੈਸੇਜ) ਨਾ ਕਰਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾਉਣ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 8 ਅਪ੍ਰੈਲ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
