ਸ਼ਰਾਬ ਦੀ ਵਿਕਰੀ ਨੇ ਤੋੜੇ ਸਾਰੇ ਰਿਕਾਰਡ, 447 ਕਰੋੜ ਦੀ ''ਦਾਰੂ'' ਡਕਾਰ ਗਏ ਪਿਆਕੜ
Monday, Nov 04, 2024 - 11:35 AM (IST)
ਨਵੀਂ ਦਿੱਲੀ- ਸ਼ਰਾਬ ਦੀ ਵਿਕਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹੈ। ਸ਼ਰਾਬ ਪੀਣ ਦੇ ਸ਼ੌਕੀਨ ਲੋਕ 447 ਕਰੋੜ ਦੀ ਦਾਰੂ ਡਕਾਰ ਗਏ। ਦਰਅਸਲ 15 ਤੋਂ 30 ਅਕਤੂਬਰ ਦਰਮਿਆਨ ਰਾਜਧਾਨੀ ਦਿੱਲੀ 'ਚ 3.87 ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਵੇਚੀਆਂ ਗਈਆਂ, ਜਿਸ ਨਾਲ ਆਬਕਾਰੀ ਵਿਭਾਗ ਨੂੰ 447.62 ਕਰੋੜ ਦਾ ਮਾਲੀਆ ਮਿਲਿਆ। ਅਧਿਕਾਰਤ ਅੰਕੜਿਆਂ ਮੁਤਾਬਕ ਇਸ ਸਮੇਂ ਦੌਰਾਨ ਦਿੱਲੀ ਸਰਕਾਰ ਦੇ 4 ਨਿਗਮਾਂ ਵਲੋਂ ਸੰਚਾਲਿਤ ਸ਼ਰਾਬ ਦੀਆਂ ਦੁਕਾਨਾਂ ਤੋਂ ਕੁੱਲ 3.87 ਕਰੋੜ ਬੋਤਲਾਂ ਵੇਚੀਆਂ ਗਈਆਂ। ਇਨ੍ਹਾਂ ਵਿਚੋਂ 2.98 ਕਰੋੜ ਬੋਤਲਾਂ ਭਾਰਤੀ ਨਿਰਮਿਤ ਵਿਦੇਸ਼ੀ ਸ਼ਰਾਬ ਸੀ ਅਤੇ 89.48 ਲੱਖ ਬੀਅਰ ਦੀਆਂ ਬੋਤਲਾਂ ਸ਼ਾਮਲ ਸਨ।
ਦੀਵਾਲੀ ਤੋਂ ਪਹਿਲਾਂ ਦੀ ਸ਼ਾਮ 33 ਲੱਖ ਬੋਤਲਾਂ ਵੇਚੀਆਂ ਗਈਆਂ
ਦਿੱਲੀ ਵਿਚ ਦੀਵਾਲੀ 31 ਅਕਤੂਬਰ ਨੂੰ ਮਨਾਈ ਗਈ, ਜੋ ਡਰਾਈ ਡੇਅ ਸੀ, ਮਤਲਬ ਉਸ ਦਿਨ ਸ਼ਰਾਬ ਦੀਆਂ ਦੁਕਾਨਾਂ ਬੰਦ ਸਨ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 30 ਅਕਤੂਬਰ ਜੋ ਦੀਵਾਲੀ ਦੀ ਸ਼ਾਮ ਸੀ, ਨੂੰ 33.80 ਲੱਖ ਬੋਤਲਾਂ ਵੇਚੀਆਂ ਗਈਆਂ, ਜਿਸ ਤੋਂ 61.56 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਦੀਵਾਲੀ ਤੋਂ ਪਹਿਲਾਂ ਦੇ ਪੰਦਰਵਾੜੇ ਵਿਚ 1.18 ਕਰੋੜ ਬੋਤਲਾਂ ਜ਼ਿਆਦਾ ਵਿਕੀਆਂ, ਜੋ 2023 'ਚ 2.69 ਕਰੋੜ ਤੋਂ ਵੱਧ ਕੇ 3.87 ਕਰੋੜ ਹੋ ਗਈ।
ਦਿੱਲੀ ਦੇ ਆਬਕਾਰੀ ਵਿਭਾਗ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਅਪ੍ਰੈਲ ਤੋਂ ਅਕਤੂਬਰ 2024 ਵਿਚ 3,047 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ। ਅਧਿਕਾਰੀਆਂ ਮੁਤਾਬਕ ਇਹ ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾ ਵਿਚ ਲੱਗਭਗ 7 ਫੀਸਦੀ ਦਾ ਵਾਧਾ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ 2,849 ਕਰੋੜ ਰੁਪਏ ਦੀ ਸ਼ਰਾਬ ਵੇਚੀ ਗਈ ਸੀ।
ਨਵੀਂ ਨੀਤੀ ਨੂੰ ਵਾਪਸ ਲੈਣ ਕਾਰਨ ਸ਼ਰਾਬ ਦਾ ਵਪਾਰ ਪ੍ਰਭਾਵਿਤ ਹੋਇਆ
ਦਿੱਲੀ ਸਰਕਾਰ ਵੱਲੋਂ ਜੁਲਾਈ 2022 ਵਿਚ ਨਵੀਂ ਐਕਸਾਈਜ਼ ਡਿਊਟੀ ਨੀਤੀ ਨੂੰ ਵਾਪਸ ਲੈਣ ਤੋਂ ਬਾਅਦ ਰਾਜਧਾਨੀ ਵਿਚ ਪ੍ਰਚੂਨ ਸ਼ਰਾਬ ਕਾਰੋਬਾਰ ਨੂੰ ਝਟਕਾ ਲੱਗਾ। ਨਵੀਂ ਨੀਤੀ ਤਹਿਤ ਪ੍ਰਾਈਵੇਟ ਸੰਚਾਲਕ ਸ਼ਰਾਬ ਦੀਆਂ ਦੁਕਾਨਾਂ ਚਲਾ ਰਹੇ ਸਨ। ਨਵੀਂ ਨੀਤੀ ਵਾਪਸ ਲੈਣ ਕਾਰਨ ਸ਼ਰਾਬ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।