ਮਹਾਂ ਅਸ਼ਟਮੀ ''ਤੇ ਸ਼ਰਾਬ ਬੈਨ, ਪੰਡਾਲਾਂ ਨੂੰ 1 ਲੱਖ ਰੁਪਏ ਦੀ ਮਦਦ ਤੇ ਮੁਫ਼ਤ ਬਿਜਲੀ; CM ਸ਼ੁਭੇਂਦੂ ਦੇ ਵੱਡੇ ਐਲਾਨ

Monday, Sep 07, 2026 - 09:09 PM (IST)

ਮਹਾਂ ਅਸ਼ਟਮੀ ''ਤੇ ਸ਼ਰਾਬ ਬੈਨ, ਪੰਡਾਲਾਂ ਨੂੰ 1 ਲੱਖ ਰੁਪਏ ਦੀ ਮਦਦ ਤੇ ਮੁਫ਼ਤ ਬਿਜਲੀ; CM ਸ਼ੁਭੇਂਦੂ ਦੇ ਵੱਡੇ ਐਲਾਨ

ਕੋਲਕਾਤਾ : ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਇਸ ਸਾਲ ਦੁਰਗਾ ਪੂਜਾ ਦੇ ਤਿਉਹਾਰ ਨੂੰ ਲੈ ਕੇ ਕਈ ਵੱਡੇ ਅਤੇ ਅਹਿਮ ਐਲਾਨ ਕੀਤੇ ਹਨ। ਸਰਕਾਰ ਵੱਲੋਂ ਕੀਤੇ ਗਏ ਇਨ੍ਹਾਂ ਫ਼ੈਸਲਿਆਂ ਤਹਿਤ ਜਿੱਥੇ ਘੱਟ ਬਜਟ ਵਾਲੀਆਂ ਪੂਜਾ ਕਮੇਟੀਆਂ ਨੂੰ ਵਿੱਤੀ ਸਹਾਇਤਾ ਅਤੇ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਜਾਵੇਗੀ, ਉੱਥੇ ਹੀ ਮਹਾਂ ਅਸ਼ਟਮੀ ਵਾਲੇ ਦਿਨ ਪੂਰੇ ਸੂਬੇ ਵਿੱਚ ਸ਼ਰਾਬ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਰਹੇਗੀ।

ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਦੁਰਗਾ ਪੂਜਾ ਦੇ ਧਾਰਮਿਕ ਮਹੱਤਵ ਦਾ ਜ਼ਿਕਰ ਕਰਦਿਆਂ ਐਲਾਨ ਕੀਤਾ ਕਿ ਮਹਾਂ ਅਸ਼ਟਮੀ ਦੇ ਪਵਿੱਤਰ ਦਿਨ, ਜਦੋਂ ਸੂਬੇ ਵਿੱਚ ਦੇਵੀ ਮਾਂ ਨੂੰ ਪੁਸ਼ਪਾਂਜਲੀ ਅਰਪਿਤ ਕੀਤੀ ਜਾਂਦੀ ਹੈ, ਉਸ ਦਿਨ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਅਤੇ ਬਾਰ ਬੰਦ ਰਹਿਣਗੇ। ਇਸ ਵਿਸ਼ੇਸ਼ ਦਿਨ 'ਤੇ ਸੂਬੇ ਵਿੱਚ ਕਿਤੇ ਵੀ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ।

ਸੂਬਾ ਸਰਕਾਰ ਵੱਲੋਂ ਘੱਟ ਬਜਟ ਵਾਲੀਆਂ ਦੁਰਗਾ ਪੂਜਾ ਕਮੇਟੀਆਂ ਨੂੰ ਇੱਕ-ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਪੂਜਾ ਕਮੇਟੀਆਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ ਜਾਵੇਗੀ, ਜਿਸ ਦੀ ਪੁਸ਼ਟੀ ਬਿਜਲੀ ਸਪਲਾਈ ਕੰਪਨੀ CESC ਨੇ ਵੀ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਆਰਥਿਕ ਤੌਰ 'ਤੇ ਸਮਰੱਥ ਅਤੇ ਵੱਡੇ ਬਜਟ ਵਾਲੀਆਂ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੈ-ਇੱਛਾ ਨਾਲ ਇਸ ਸਰਕਾਰੀ ਮਦਦ ਨੂੰ ਛੱਡ ਦੇਣ, ਤਾਂ ਜੋ ਘੱਟ ਬਜਟ ਵਾਲੀਆਂ ਪੂਜਾ ਕਮੇਟੀਆਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਬਾਰੇ ਕੋਈ ਸਰਕਾਰੀ ਹੁਕਮ ਜਾਰੀ ਨਹੀਂ ਕਰ ਰਹੇ, ਬਲਕਿ ਇਹ ਸਿਰਫ਼ ਇੱਕ ਅਪੀਲ ਹੈ।

ਮੁੱਖ ਮੰਤਰੀ ਨੇ ਪੂਜਾ ਪ੍ਰਬੰਧਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਕਿ ਉਹ ਮਾਂ ਦੁਰਗਾ ਦੀ ਮੂਰਤੀ, ਪੰਡਾਲ ਅਤੇ ਸਜਾਵਟ ਦੇ ਥੀਮ ਨਾਲ ਅਜਿਹਾ ਕੋਈ ਵੀ ਪ੍ਰਯੋਗ ਨਾ ਕਰਨ, ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜਾਂ ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਠੇਸ ਪਹੁੰਚਦੀ ਹੋਵੇ। 

ਮੂਰਤੀ ਵਿਸਰਜਨ ਲਈ ਨਵੇਂ ਦਿਸ਼ਾ-ਨਿਰਦੇਸ਼ ਅਤੇ ਹੋਰ ਨਿਯਮ ਜਾਰੀ ਕੀਤੇ ਗਏ ਹਨ। ਮੂਰਤੀ ਵਿਸਰਜਨ ਦੇ ਜਲੂਸਾਂ ਦੌਰਾਨ ਡੀਜੇ ਵਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਾਲ 25 ਅਕਤੂਬਰ ਨੂੰ ਲਕਸ਼ਮੀ ਪੂਜਾ ਹੋਣ ਕਾਰਨ, ਸਾਰੀਆਂ ਕਮੇਟੀਆਂ ਨੂੰ ਉਸ ਤੋਂ ਇੱਕ ਦਿਨ ਪਹਿਲਾਂ (24 ਅਕਤੂਬਰ) ਤੱਕ ਮੂਰਤੀ ਵਿਸਰਜਨ ਦੀ ਪ੍ਰਕਿਰਿਆ ਹਰ ਹਾਲ ਵਿੱਚ ਪੂਰੀ ਕਰਨ ਦੀ ਹਦਾਇਤ ਕੀਤੀ ਗਈ ਹੈ। ਪੂਜਾ ਆਯੋਜਨਾਂ ਲਈ ਫ਼ਾਇਰ ਸੇਫਟੀ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ, ਪਰ ਕਮੇਟੀਆਂ ਦੀ ਸਹੂਲਤ ਲਈ ਇਸ ਵਾਸਤੇ ਕੋਈ ਫੀਸ ਨਹੀਂ ਲਈ ਜਾਵੇਗੀ।


 


author

Inder Prajapati

Content Editor

Related News