1 ਲੱਖ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ! ਇਸ ਆਟੋ ਕੰਪਨੀ ਦਾ ਬੋਰਡ ਬਣਾ ਰਿਹਾ ਵੱਡਾ ਪਲਾਨ
Friday, Sep 04, 2026 - 01:36 PM (IST)
ਗੈਜੇਟ ਡੈਸਕ : ਗਲੋਬਲ ਆਟੋਮੋਬਾਈਲ ਉਦਯੋਗ 'ਚ ਇਲੈਕਟ੍ਰਿਕ ਵਾਹਨਾਂ (EVs) ਦੀ ਸੁਸਤ ਮੰਗ ਤੇ ਚੀਨੀ ਕਾਰ ਨਿਰਮਾਤਾਵਾਂ ਤੋਂ ਮਿਲ ਰਹੀ ਸਖ਼ਤ ਟੱਕਰ ਦਰਮਿਆਨ ਜਰਮਨ ਦੀ ਪ੍ਰਮੁੱਖ ਆਟੋਮੋਬਾਈਲ ਕੰਪਨੀ 'ਫੋਕਸਵੈਗਨ ਗਰੁੱਪ' ਨੇ ਇੱਕ ਇਤਿਹਾਸਕ ਪੁਨਰਗਠਨ ਦਾ ਫੈਸਲਾ ਕੀਤਾ ਹੈ। ਕੰਪਨੀ ਦੇ ਬੋਰਡ ਨੇ ਇੱਕ ਵਿਆਪਕ 'ਟਰਨਅਰਾਊਂਡ ਪਲਾਨ' ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਇਸ ਦਹਾਕੇ ਦੇ ਅੰਤ ਤੱਕ ਵਿਸ਼ਵ ਪੱਧਰ 'ਤੇ ਲਗਭਗ 1,00,000 ਨੌਕਰੀਆਂ ਦੀ ਕਟੌਤੀ ਕੀਤੀ ਜਾਵੇਗੀ। ਇਹ ਗਲੋਬਲ ਆਟੋ ਉਦਯੋਗ ਦੇ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਪੁਨਰਗਠਨ ਕਦਮ ਮੰਨਿਆ ਜਾ ਰਿਹਾ ਹੈ।
ਫੋਕਸਵੈਗਨ ਮੈਨੇਜਮੈਂਟ ਅਤੇ ਯੂਨੀਅਨਾਂ ਵਿਚਕਾਰ 1,00,000 ਨੌਕਰੀਆਂ ਘਟਾਉਣ 'ਤੇ ਸਹਿਮਤੀ ਬਣੀ ਹੈ। ਕੰਪਨੀ ਮੁਤਾਬਕ ਉਸਨੇ ਲਗਭਗ 50,000 ਨੌਕਰੀਆਂ ਘਟਾਉਣ ਦੀ ਤਾਜ਼ਾ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ, ਜਦਕਿ ਬਾਕੀ 50,000 ਨੌਕਰੀਆਂ ਦੀ ਕਟੌਤੀ 'ਤੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਸੀ। ਇਹ ਵੱਡੀ ਕਟੌਤੀ ਕੰਪਨੀ ਦੇ ਦੁਨੀਆ ਭਰ ਦੇ ਕੁੱਲ ਕਰਮਚਾਰੀਆਂ ਦਾ ਲਗਭਗ 15 ਫੀਸਦੀ ਹੈ। ਇਹ ਸਾਲ 2009 'ਚ ਦਿਵਾਲੀਆ ਹੋਣ ਤੋਂ ਬਾਅਦ ਜਨਰਲ ਮੋਟਰਜ਼ ਦੁਆਰਾ ਕੀਤੀ ਗਈ 50,000 ਨੌਕਰੀਆਂ ਦੀ ਕਟੌਤੀ ਨਾਲੋਂ ਵੀ ਦੁੱਗਣੀ ਹੈ। ਮੁਸ਼ਕਲਾਂ 'ਚ ਘਿਰਿਆ ਫੋਕਸਵੈਗਨ ਗਰੁੱਪ ਗਰੁੱਪ (ਜਿਸ ਵਿੱਚ ਆਡੀ ਅਤੇ ਪੋਰਸ਼ ਵਰਗੇ ਵੱਕਾਰੀ ਬ੍ਰਾਂਡ ਵੀ ਸ਼ਾਮਲ ਹਨ) ਇਸ ਸਮੇਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਕੰਪਨੀ ਅਮਰੀਕੀ ਟੈਰਿਫ, ਇਲੈਕਟ੍ਰਿਕ ਕਾਰਾਂ ਦੀ ਘੱਟ ਮੰਗ ਅਤੇ ਚੀਨ ਤੋਂ ਮਿਲ ਰਹੀ ਸਖ਼ਤ ਮੁਕਾਬਲੇਬਾਜ਼ੀ ਕਾਰਨ ਮੁਸ਼ਕਲ 'ਚ ਹੈ। ਇਸ ਤੋਂ ਇਲਾਵਾ ਯੂਰਪ 'ਚ ਉੱਚ ਸੰਚਾਲਨ ਲਾਗਤ ਅਤੇ ਓਵਰਕਪੈਸਿਟੀ ਦੇ ਦਬਾਅ ਕਾਰਨ ਵੀ ਇਹ ਕਦਮ ਚੁੱਕਣਾ ਜ਼ਰੂਰੀ ਹੋ ਗਿਆ ਸੀ।
ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਜਰਮਨੀ ਵਿੱਚ ਮੌਜੂਦ ਚਾਰ ਪਲਾਂਟਾਂ ਹਾਨੋਵਰ, ਐਮਡੇਨ, ਜ਼ਵਿਕਾਊ ਅਤੇ ਨੇਕਰਸਲਮ ਦੇ ਲੰਬੇ ਸਮੇਂ ਦੇ ਭਵਿੱਖ ਦੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਅਤੇ ਇਨ੍ਹਾਂ ਦੇ ਵਿਕਲਪਿਕ ਵਰਤੋਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜੇਕਰ ਇਹ ਪਲਾਂਟ ਬੰਦ ਹੁੰਦੇ ਹਨ, ਤਾਂ ਇਹ ਫੋਕਸਵੈਗਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਉਸਨੇ ਆਪਣੇ ਹੀ ਦੇਸ਼ (ਜਰਮਨੀ) ਵਿੱਚ ਕੋਈ ਚੱਲਦੀ ਹੋਈ ਫੈਕਟਰੀ ਬੰਦ ਕੀਤੀ ਹੋਵੇਗੀ। ਹਾਲਾਂਕਿ, ਕੰਪਨੀ ਅਤੇ ਯੂਨੀਅਨਾਂ ਦੇ ਸਾਂਝੇ ਬਿਆਨ ਮੁਤਾਬਕ, ਫਿਲਹਾਲ ਕਿਸੇ ਵੀ ਪਲਾਂਟ ਨੂੰ ਬੰਦ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਯੋਜਨਾਵਾਂ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਮੈਨੇਜਮੈਂਟ ਅਤੇ ਸ਼ਕਤੀਸ਼ਾਲੀ 'ਆਈਜੀ ਮੈਟਲ ਯੂਨੀਅਨ' ਵਿਚਕਾਰ ਕਾਫੀ ਜਨਤਕ ਵਿਵਾਦ ਹੋਇਆ ਸੀ। ਪਰ ਹੁਣ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬਣ ਗਈ ਹੈ। ਫੋਕਸਵੈਗਨ ਦੇ CEO ਓਲੀਵਰ ਬਲੂਮ ਨੇ ਬਿਆਨ ਦਿੱਤਾ ਕਿ "ਸੁਪਰਵਾਈਜ਼ਰੀ ਬੋਰਡ ਨੇ ਅੱਜ ਪੇਸ਼ ਕੀਤੀ ਗਈ ਐਗਜ਼ੀਕਿਊਟਿਵ ਬੋਰਡ ਦੀ ਭਵਿੱਖ ਦੀ ਯੋਜਨਾ ਨੂੰ ਸਰਵਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ, ਜੋ ਫੋਕਸਵੈਗਨ ਗਰੁੱਪ ਦੇ ਭਵਿੱਖ ਲਈ ਇੱਕ ਮਜ਼ਬੂਤ ਸੰਕੇਤ ਹੈ।" ਦੂਜੇ ਪਾਸੇ, ਯੂਨੀਅਨ ਪ੍ਰਤੀਨਿਧੀਆਂ ਅਤੇ ਲੋਅਰ ਸੈਕਸਨੀ ਰਾਜ (ਜੋ VW ਦਾ ਵੱਡਾ ਸ਼ੇਅਰਧਾਰਕ ਹੈ) ਨੇ ਵੀ ਵਿਵਾਦ ਨੂੰ ਖ਼ਤਰਨਾਕ ਪੱਧਰ 'ਤੇ ਜਾਣ ਤੋਂ ਰੋਕਣ ਲਈ ਇਸ ਫੈਸਲੇ 'ਤੇ ਤਸੱਲੀ ਪ੍ਰਗਟਾਈ ਹੈ।
