ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ''ਚ ਬਰਫ਼ਬਾਰੀ, ਮੀਂਹ ਪੈਣ ਦੀ ਸੰਭਾਵਨਾ
Friday, Jan 26, 2024 - 03:42 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ 'ਚ ਸ਼ੁੱਕਰਵਾਰ ਨੂੰ ਹਲਕੀ ਬਰਫ਼ਬਾਰੀ ਹੋਈ, ਜਿਸ ਨਾਲ ਕੁਝ ਇਲਾਕਿਆਂ 'ਚ ਲੰਬੇ ਸਮੇਂ ਤੋਂ ਜਾਰੀ ਖ਼ੁਸ਼ਕ ਮੌਸਮ ਦਾ ਦੌਰ ਖ਼ਤਮ ਹੋ ਗਿਆ। ਸਥਾਨਕ ਮੌਸਮ ਵਿਭਾਗ ਮੁਤਾਬਕ ਕੁੱਲੂ ਜ਼ਿਲ੍ਹੇ 'ਚ ਅਟਲ ਸੁਰੰਗ ਦੇ ਉੱਤਰੀ ਪੋਰਟਲ, ਚੰਬਾ ਜ਼ਿਲ੍ਹੇ ਦੇ ਭਰਮੌਰ ਅਤੇ ਪਾਂਗੀ ਵਿਚ ਹਲਕੀ ਬਰਫ਼ਬਾਰੀ ਹੋਈ। ਰੋਹਤਾਂਗ ਦੱਰੇ, ਬਾਰਾਲਚਾ ਦੱਰੇ, ਸ਼ਿੰਕੁਲਾ ਦੱਰੇ ਅਤੇ ਕੁੰਜੁਮ ਦੱਰੇ ਵਿਚ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋਈ। 31 ਜਨਵਰੀ ਤੱਕ ਸੂਬੇ ਦੀਆਂ ਉੱਚੀਆਂ ਪਹਾੜੀਆਂ 'ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੱਧ ਪਹਾੜੀ ਇਲਾਕਿਆਂ 'ਚ 29 ਜਨਵਰੀ ਤੱਕ ਮੌਸਮ ਖੁਸ਼ਕ ਰਹੇਗਾ।
ਸਥਾਨਕ ਮੌਸਮ ਵਿਭਾਗ ਦੇ ਦਫਤਰ ਨੇ ਕਿਹਾ ਕਿ ਮੱਧ-ਪਹਾੜੀ 'ਤੇ 30 ਅਤੇ 31 ਜਨਵਰੀ ਨੂੰ ਅਲੱਗ-ਥਲੱਗ ਖੇਤਰਾਂ 'ਚ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਹੇਠਲੇ ਪਹਾੜੀਆਂ ਅਤੇ ਮੈਦਾਨੀ ਖੇਤਰਾਂ 'ਚ 31 ਜਨਵਰੀ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ 'ਚ ਮੌਸਮ ਅੰਸ਼ਕ ਤੌਰ 'ਤੇ ਬੱਦਲਵਾਈ ਅਤੇ ਧੁੰਦਲਾ ਰਿਹਾ। ਨੀਵੀਆਂ ਪਹਾੜੀਆਂ ਅਤੇ ਮੈਦਾਨੀ ਇਲਾਕਿਆਂ ਵਿਚ ਸੰਘਣੀ ਧੁੰਦ ਦੇਖਣ ਨੂੰ ਮਿਲੀ।
ਸੂਬੇ ਦੀ ਗਰਮੀਆਂ ਦੀ ਰਾਜਧਾਨੀ ਸ਼ਿਮਲਾ 'ਚ ਸ਼ੁੱਕਰਵਾਰ ਸਵੇਰੇ ਘੱਟੋ-ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਿਮਾਚਲ ਦੀ ਸਰਦੀਆਂ ਦੀ ਰਾਜਧਾਨੀ ਧਰਮਸ਼ਾਲਾ ਦਾ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਪ੍ਰਸਿੱਧ ਸੈਰ-ਸਪਾਟਾ ਸਥਾਨ ਮਨਾਲੀ ਅਤੇ ਡਲਹੌਜ਼ੀ ਵਿਚ ਕ੍ਰਮਵਾਰ ਤਾਪਮਾਨ ਸਿਫ਼ਰ ਤੋਂ 2.3 ਡਿਗਰੀ ਸੈਲਸੀਅਸ ਅਤੇ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਦੇ ਕੁਫਰੀ ਵਿਚ ਘੱਟੋ-ਘੱਟ ਤਾਪਮਾਨ 0.1 ਡਿਗਰੀ ਸੈਲਸੀਅਸ, ਬਿਲਾਸਪੁਰ 'ਚ 5.9 ਡਿਗਰੀ ਸੈਲਸੀਅਸ, ਸੋਲਨ 'ਚ 2.2 ਡਿਗਰੀ ਸੈਲਸੀਅਸ ਅਤੇ ਮੰਡੀ 'ਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।