ਕਸ਼ਮੀਰ ''ਚ 2 ਮਹੀਨਿਆਂ ਬਾਅਦ ਵੀ ਜਨਜੀਵਨ ਆਮ ਨਹੀਂ
Sunday, Oct 06, 2019 - 12:12 AM (IST)

ਸ਼੍ਰੀਨਗਰ— ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਆਰਟੀਕਲ-370 ਨੂੰ ਖਤਮ ਹੋਇਆਂ 2 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਜਨਜੀਵਨ ਪ੍ਰਭਾਵਿਤ ਹੈ ਅਤੇ ਸੁਰੱਖਿਆ ਬਲਾਂ ਦੇ ਜਵਾਨ ਅਮਨ ਕਾਨੂੰਨ ਦੀ ਕਿਸੇ ਵੀ ਸਮੱਸਿਆ ਨਾਲ ਨਜਿੱਠਣ ਲਈ ਹਾਈ ਅਲਰਟ 'ਤੇ ਹਨ। ਕੇਂਦਰ ਸਰਕਾਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ ਨੂੰ ਸਮਾਪਤ ਕਰਨ ਅਤੇ ਸੂਬੇ ਨੂੰ 2 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦਾ ਫੈਸਲਾ ਲਿਆ ਸੀ।
ਅਧਿਕਾਰੀਆਂ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕਸ਼ਮੀਰ ਵਾਦੀ ਵਿਚ ਕੁਲ ਮਿਲਾ ਕੇ ਸਥਿਤੀ ਸ਼ਾਂਤੀਪੂਰਨ ਹੈ ਅਤੇ ਇਸ ਦੇ ਕਿਸੇ ਵੀ ਹਿੱਸੇ ਵਿਚ ਕਰਫਿਊ ਵਰਗੀ ਪਾਬੰਦੀ ਨਹੀਂ ਹੈ ਪਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਹਿਤਿਆਤ ਦੇ ਤੌਰ 'ਤੇ ਧਾਰਾ 144 ਦੇ ਤਹਿਤ ਪਾਬੰਦੀਆਂ ਜਾਰੀ ਹਨ। ਵਾਦੀ ਵਿਚ 5 ਅਗਸਤ ਤੋਂ ਟਰੇਨ ਸੇਵਾ, ਮੋਬਾਇਲ ਫੋਨ ਅਤੇ ਇੰਟਰਨੈੱਟ ਕਨੈਕਟੀਵਿਟੀ ਮੁਅੱਤਲ ਹੈ ਅਤੇ ਇਥੇ ਵਿਦਿਆਰਥੀ ਸਕੂਲ ਨਹੀਂ ਜਾ ਪਾ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਵਿਚ ਵਿਘਨ ਪੈ ਰਿਹਾ ਹੈ।ਪਾਬੰਦੀਆਂ ਵਿਚ ਢਿੱਲ ਦਿੱਤੀ ਗਈ ਹੈ ਪਰ ਸ਼ਹਿਰ-ਏ-ਖਾਸ ਵਿਚ ਇਤਿਹਾਸਕ ਜਾਮਾ ਮਸਜਿਦ ਨਮਾਜ਼ੀਆਂ ਲਈ ਬੰਦ ਹੈ।