ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਉੱਤਰਾਖੰਡ ਦੇ ਨਵੇਂ ਰਾਜਪਾਲ ਵਜੋਂ ਚੁੱਕੀ ਸਹੁੰ
Wednesday, Sep 15, 2021 - 12:39 PM (IST)
ਦੇਹਰਾਦੂਨ (ਭਾਸ਼ਾ)— ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਨੇ ਬੁੱਧਵਾਰ ਯਾਨੀ ਕਿ ਅੱਜ ਸਵੇਰੇ ਉੱਤਰਾਖੰਡ ਦੇ ਨਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਰਾਜ ਭਵਨ ਵਿਚ ਆਯੋਜਿਤ ਇਕ ਸਾਦੇ ਸਮਾਰੋਹ ’ਚ ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਆਰ. ਐੱਸ. ਚੌਹਾਨ ਨੇ ਲੈਫਟੀਨੈਂਟ ਜਨਰਲ ਸਿੰਘ ਨੂੰ ਅਹੁਦੇ ਦੇ ਸਹੁੰ ਚੁਕਾਈ। ਨਵੇਂ ਰਾਜਪਾਲ ਦੇ ਸਹੁੰ ਚੁੱਕ ਸਮਾਰੋਹ ਵਿਚ ਪ੍ਰਦੇਸ਼ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਉਨ੍ਹਾਂ ਦੇ ਕੈਬਨਿਟ ਮੈਂਬਰ, ਮੁੱਖ ਸਕੱਤਰ ਐੱਸ. ਐੱਸ. ਸੰਧੂ, ਪੁਲਸ ਜਨਰਲ ਡਾਇਰੈਕਟਰ ਅਸ਼ੋਕ ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਸ਼ਖਸੀਅਤਾਂ ਮੌਜੂਦ ਸਨ। ਦੱਸ ਦੇਈਏ ਕਿ ਲੈਫਟੀਨੈਂਟ ਜਨਰਲ ਸਿੰਘ ਨੇ ਬੇਬੀ ਰਾਨੀ ਮੌਰਈਆ ਦੀ ਥਾਂ ਲਈ ਹੈ, ਜਿਨ੍ਹਾਂ ਨੇ ਪਿਛਲੇ ਦਿਨੀਂ ਆਪਣਾ ਕਾਰਜਕਾਲ ਪੂਰਾ ਹੋਣ ਦੇ 2 ਸਾਲ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਸੀ।
ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਦਾ ਸੰਖੇਪ ਪਰਿਚੈ—
— ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਫ਼ੌਜ ਤੋਂ 2016 ’ਚ ਸੇਵਾਮੁਕਤ ਹੋਏ। ਉਨ੍ਹਾਂ ਨੇ ਫ਼ੌਜ ਵਿਚ ਕਰੀਬ 40 ਸਾਲ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੂੰ 4 ਰਾਸ਼ਟਰਪਤੀ ਪੁਰਸਕਾਰ ਅਤੇ 2 ਚੀਫ਼ ਆਫ਼ ਆਰਮੀ ਸਟਾਫ਼ ਕਮੰਡੇਸ਼ਨ ਐਵਾਰਡ ਨਾਲ ਨਵਾਜਿਆ ਗਿਆ।
— ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਫ਼ੌਜ ਡਿਪਟੀ ਚੀਫ਼ ਆਫ਼ ਆਰਮੀ ਸਟਾਫ਼ ਰਹੇ।
— ਲੈਫਟੀਨੈਂਟ ਜਨਰਲ ਗੁਰਮੀਤ ਆਰਮੀ ਐਡਜੁਟੈਂਟ ਜਨਰਲ ਅਤੇ 15 ਕਾਰਪਸ ਕਮਾਂਡਰ ਰਹੇ।
— ਗੁਰਮੀਤ ਸਿੰਘ ਨੇ ਨੈਸ਼ਨਲ ਡਿਫੈਂਸ ਕਾਲਜ ਅਤੇ ਡਿਫੈਂਸ ਸਰਵਿਸੇਜ਼ ਸਟਾਫ ਤੋਂ ਗਰੈਜੂਏਸ਼ਨ ਕੀਤੀ।
— ਗੁਰਮੀਤ ਸਿੰਘ ਨੇ ਚੇਨਈ ਅਤੇ ਇੰਦੌਰ ਯੂਨੀਵਰਸਿਟੀਆਂ ਤੋਂ ਐੱਮ. ਫਿਲ ਡਿਗਰੀ ਹਾਸਲ ਕੀਤੀ।
— ਗੁਰਮੀਤ ਸਿੰਘ ਨੇ ਸੈਨਿਕ ਸਕੂਲ ਕਪੂਰਥਲਾ (ਪੰਜਾਬ) ਤੋਂ ਸਕੂਲੀ ਸਿੱਖਿਆ ਪ੍ਰਾਪਤ ਕੀਤੀ।