ਸਿਰਸਾ ’ਤੇ ਕਾਨੂੰਨੀ ਸ਼ਿਕੰਜਾ, ਡੀ. ਐੱਸ. ਜੀ. ਐੱਮ. ਸੀ. ਖਾਤਿਆਂ ਦੇ ਆਡਿਟ ਨੂੰ ਲੈ ਕੇ ਹਾਈਕੋਰਟ ਨੇ ਭੇਜਿਆ ਨੋਟਿਸ

08/12/2021 8:25:52 PM

ਨਵੀਂ ਦਿੱਲੀ : ਦਿੱਲੀ ਗੁਰਦੁਆਰਾ ਕਮੇਟੀ ਅੰਦਰ ਭ੍ਰਿਸ਼ਟਾਚਾਰ ਦੇ ਸਿਲਸਿਲੇ ’ਚ ਦਿੱਲੀ ਪੁਲਸ ਵੱਲੋਂ ਦੇਸ਼ ਛੱਡਣ ’ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਡੀ. ਐੱਸ. ਜੀ. ਐੱਮ. ਸੀ. ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੂੰ ਹਾਈਕੋਰਟ ਤੋਂ ਇੱਕ ਹੋਰ ਨੋਟਿਸ ਮਿਲਿਆ ਹੈ। ਮਾਮਲਾ ਗੁਰਦੁਆਰਾ ਕਮੇਟੀ ਦੇ ਖਾਤਿਆਂ ਦੀ ਆਡਿਟ ਰਿਪੋਰਟ ਨੂੰ ਲੁਕਾਉਣ ਦਾ ਦੱਸਿਆ ਜਾ ਰਿਹਾ ਹੈ। ਅਦਾਲਤ ਨੇ ਇਸ ਪੂਰੇ ਮਾਮਲੇ ’ਚ ਸਾਬਕਾ ਵਿਧਾਇਕ ਤੋਂ ਸਪੱਸ਼ਟੀਕਰਨ ਮੰਗਿਆ ਹੈ। ਕੇਸ ਦੇ ਪਟੀਸ਼ਨਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਕਿ  “ਸਿਰਸਾ ਡਿਲਾਇਟ ਕੰਪਨੀ ਦੀ ਆਡਿਟ ਰਿਪੋਰਟ ਨੂੰ ਕਿਉਂ ਲੁਕੇ ਰਹੇ ਹਨ ? ਸੰਗਤ ਨੂੰ ਜਵਾਬ ਚਾਹੀਦਾ ਹੈ। ਆਡਿਟ ਕੰਪਨੀ ਨੇ ਆਪਣੇ ਜਵਾਬ ’ਚ ਖੁਦ ਇਸ ਤੱਥ ਨੂੰ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਵੱਲੋਂ ਆਡਿਟ ਕੀਤੀ ਗਈ ਸੰਪਤੀ ਕਿਸੇ ਵਿਅਕਤੀ ਜਾਂ ਸੰਸਥਾ ਨਾਲ ਜੁੜੀ ਨਹੀਂ ਹੈ। ਇਹ ਇੱਕ ਜਨਤਕ ਆਡਿਟ ਹੈ ਪਰ ਬਾਦਲ ਦੇ ਬੰਦਿਆਂ ਨੇ ਹੁਣ ਦਿੱਲੀ ਦੀ ਧਾਰਮਿਕ ਵਿਵਸਥਾ ਨੂੰ ਜੜ੍ਹੋਂ ਬਰਬਾਦ ਕਰਨ ਦਾ ਬੀੜਾ ਚੁੱਕ ਲਿਆ ਹੈ।’’ 

ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚੇ ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ-ਉਹ ਦਿਨ ਦੂਰ ਨਹੀਂ ਜਦੋਂ 5 ਰੁਪਏ ਪ੍ਰਤੀ ਯੂਨਿਟ ਮਿਲੇਗੀ ਬਿਜਲੀ

ਡੀ. ਐੱਸ. ਜੀ. ਐੱਮ. ਸੀ. ਦੇ ਸਾਬਕਾ ਮੁਖੀ ਨੇ ਦਾਅਵਾ ਕੀਤਾ ਹੈ ਕਿ ਬਾਦਲ ਅਤੇ ਸਿਰਸਾ ਆਪਣੇ ਸਿਆਸੀ ਕੰਮਾਂ ਲਈ ਗੁਰਦੁਆਰਿਆਂ ਦੀ ਕੀਮਤੀ ਸੰਪਤੀ ਦੀ ਦੁਰਵਰਤੋਂ ਕਰ ਰਹੇ ਹਨ, ਜਿਸ ’ਤੇ ਜਲਦ ਹੀ ਰੋਕ ਲਾਉਣ ਦੀ ਲੋੜ ਹੈ।’’ ਦਿੱਲੀ ਦੀ ਮਾਣਯੋਗ ਹਾਈਕੋਰਟ ਨੇ ਡੀ. ਐੱਸ. ਜੀ. ਐੱਮ. ਸੀ. ’ਚ ਹੋ ਰਹੇ ਗਲਤ ਕੰਮਾਂ ਦਾ ਨੋਟਿਸ ਲੈਂਦਿਆਂ ਇੱਕ ਹੁਕਮ ਜਾਰੀ ਕੀਤਾ ਹੈ। ਬਾਦਲ ਦੇ ਬੰਦੇ ਗੁਰਦੁਆਰਾ ਕਮੇਟੀ ਦੇ ਸਟਾਫ ’ਤੇ ਦਬਾਅ ਪਾ ਕੇ ਬੇਰਹਿਮੀ ਨਾਲ ਅਣਮਨੁੱਖੀ ਕਾਰਵਾਈਆਂ ਕਰ ਰਹੇ ਹਨ। ਲੋਕ-ਵਾਅਦਿਆਂ ਦੀ ਆੜ ’ਚ ਸੰਗਤ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਮਾਣਯੋਗ ਹਾਈਕੋਰਟ ਨੇ ਇਸ ਦਾ ਵੀ ਨੋਟਿਸ ਲੈਂਦਿਆਂ ਫਿਟਕਾਰ ਲਾਈ ਹੈ। ਡੀ. ਐੱਸ. ਜੀ. ਐੱਮ. ਸੀ. ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਕਿਹਾ, “ਅਸੀਂ 120 ਕਰੋੜ ਦਾ ਰਿਜ਼ਰਵ ਛੱਡ ਦਿੱਤਾ ਸੀ ਅਤੇ ਪਿਛਲੇ 8 ਸਾਲਾਂ ’ਚ 250 ਕਰੋੜ ਤੋਂ ਵੱਧ ਦਾ ਰਿਜ਼ਰਵ ਆਉਣਾ ਚਾਹੀਦਾ ਸੀ। ਅਪ੍ਰਪੱਕ ਅਤੇ ਅਨੁਭਵਹੀਣ ਪ੍ਰਬੰਧਨ ਕਾਰਨ ਅੱਜ ਗੁਰੂ ਕੀ ਗੋਲਕ ਖਾਲੀ ਹੋ ਚੁੱਕੀ ਹੈ। ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਰਹੀ। ਡੀ. ਐੱਸ. ਜੀ. ਐੱਮ. ਸੀ. ਦੇ ਅਧੀਨ ਚੱਲ ਰਹੀਆਂ ਸੰਸਥਾਵਾਂ ਦੀ ਹਾਲਤ ਖਸਤਾ ਹੈ। ਭ੍ਰਿਸ਼ਟਾਚਾਰ ਦੇ ਘੁਣ ਨੇ ਸਾਡੀ ਇਤਿਹਾਸਕ ਵਿਰਾਸਤ ਨੂੰ ਖੋਖਲਾ ਕਰ ਦਿੱਤਾ ਹੈ। ਮਾਣਯੋਗ ਅਦਾਲਤ ਅਤੇ ਦਿੱਲੀ ਪੁਲਸ ਨੇ ਦੋਸ਼ੀਆਂ ਦੇ ਦੇਸ਼ ਛੱਡਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਦੋ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਗ੍ਰਹਿ ਮੰਤਰੀ ਮੈਡਲ ਫਾਰ ਐਕਸੀਲੈਂਸ ਇਨਵੈਸਟੀਗੇਸ਼ਨ

ਪ੍ਰੈੱਸ ਕਾਨਫਰੰਸ ’ਚ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸੇਵਾ ਦੇ ਨਾਂ ’ਤੇ ਸਿਰਫ ਇੱਕ ਖੋਖਲਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਾਡੇ ਨਿਰਦੋਸ਼ ਕਰਮਚਾਰੀ ਅਤੇ ਸਟਾਫ ਗਰੀਬੀ ਤੇ ਭੁੱਖਮਰੀ ਨਾਲ ਮਰ ਰਹੇ ਹਨ। ਮੈਡੀਕਲ, ਸਿੱਖਿਆ, ਖੇਡਾਂ ਆਦਿ ਖੇਤਰਾਂ ’ਚ ਘੱਟ ਤੋਂ ਘੱਟ ਵਿਕਾਸ ਵੀ ਨਹੀਂ ਹੋਇਆ ਹੈ। 1984 ਦੇ ਦੋਸ਼ੀਆਂ ਤੋਂ ਸਹਾਇਤਾ ਲਈ ਗਈ। ਗੁਰੂ ਦੇ ਦਸਵੰਧ ਦੀ ਬੇਅਦਬੀ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸਾਬਕਾ ਵਿਧਾਇਕ ਸਿਰਸਾ ਤੋਂ ਡਿਲਾਇਟ ਕੰਪਨੀ ਦੀ ਆਡਿਟ ਰਿਪੋਰਟ ਨੂੰ ਤੁਰੰਤ ਜਨਤਕ ਕਰਨ ਦੀ ਮੰਗ ਕੀਤੀ, ਨਾਲ ਹੀ ਅਦਾਲਤਾਂ, ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਤਾਂ ਜੋ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿਵਾਈ ਜਾ ਸਕੇ। ਪ੍ਰੈੱਸ ਕਾਨਫਰੰਸ ’ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੈਂਬਰ, ਡੀ.ਐੱਸ.ਜੀ.ਐੱਮ.ਸੀ. ਮੈਂਬਰ ਤਰਵਿੰਦਰ ਸਿੰਘ ਮਰਵਾਹ, ਮਨਜੀਤ ਸਿੰਘ ਸਰਨਾ, ਰਮਨਦੀਪ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਰਿੰਟਾ, ਹਰਵਿੰਦਰ ਸਿੰਘ ਬੌਬੀ, ਭੁਪਿੰਦਰ ਸਿੰਘ ਪੀ. ਆਰ. ਓ. ਅਤੇ ਹੋਰ ਬਹੁਤ ਸਾਰੇ ਹਾਜ਼ਰ ਸਨ।
 

 

 
 


Manoj

Content Editor

Related News