18 ਟਨ LPG ਲੈ ਕੇ ਨੇਪਾਲ ਜਾ ਰਹੇ ਟੈਂਕਰ ''ਚ ਹੋਇਆ ਲੀਕ, ਹਾਈਵੇਅ ''ਤੇ ਲੱਗਾ ਭਾਰੀ ਜਾਮ

Wednesday, Apr 01, 2026 - 08:37 PM (IST)

18 ਟਨ LPG ਲੈ ਕੇ ਨੇਪਾਲ ਜਾ ਰਹੇ ਟੈਂਕਰ ''ਚ ਹੋਇਆ ਲੀਕ, ਹਾਈਵੇਅ ''ਤੇ ਲੱਗਾ ਭਾਰੀ ਜਾਮ

ਲਖਨਊ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਵਿੱਚ ਸਭ ਤੋਂ ਰੁਝੇਵੇਂ ਵਾਲੇ ਲਖਨਊ-ਅਯੁੱਧਿਆ ਨੈਸ਼ਨਲ ਹਾਈਵੇਅ 'ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਗੈਸ ਨਾਲ ਭਰੇ ਇੱਕ ਟੈਂਕਰ ਵਿੱਚੋਂ ਅਚਾਨਕ ਗੈਸ ਰਿਸਣ (ਲੀਕ) ਲੱਗੀ। ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਹਾਈਵੇਅ ਨੂੰ ਬੰਦ ਕਰਕੇ ਰੂਟ ਡਾਇਵਰਟ ਕਰ ਦਿੱਤਾ ਹੈ, ਜਿਸ ਕਾਰਨ ਸ਼ਹਿਰ ਵਿੱਚ ਕਈ ਕਿਲੋਮੀਟਰ ਲੰਬਾ ਭਾਰੀ ਜਾਮ ਲੱਗ ਗਿਆ ਹੈ।

ਜਾਣਕਾਰੀ ਅਨੁਸਾਰ, ਟੈਂਕਰ ਦਾ ਡਰਾਈਵਰ ਗੁਰਪ੍ਰੀਤ ਮਥੁਰਾ ਤੋਂ ਲਗਭਗ 18 ਟਨ ਐਲਪੀਜੀ (LPG) ਲੋਡ ਕਰਕੇ ਨੇਪਾਲ ਜਾ ਰਿਹਾ ਸੀ। ਬੁੱਧਵਾਰ ਸ਼ਾਮ ਕਰੀਬ 6:45 ਵਜੇ ਜਦੋਂ ਉਹ ਨਗਰ ਕੋਤਵਾਲੀ ਖੇਤਰ ਦੇ ਅਸੈਨੀ ਮੋੜ ਕੋਲ ਪਹੁੰਚਿਆ, ਤਾਂ ਟੈਂਕਰ ਦੇ ਉਪਰਲੇ ਹਿੱਸੇ ਵਿੱਚ ਲੱਗੇ ਵਾਲਵ ਤੋਂ ਅਚਾਨਕ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਡਰਾਈਵਰ ਨੇ ਸੂਝ-ਬੂਝ ਦਿਖਾਉਂਦੇ ਹੋਏ ਗੱਡੀ ਨੂੰ ਤੁਰੰਤ ਸੜਕ ਕਿਨਾਰੇ ਖੜ੍ਹੀ ਕਰ ਦਿੱਤਾ ਅਤੇ ਪੁਲਸ ਨੂੰ ਸੂਚਨਾ ਦਿੱਤੀ।

ਜਵਲਨਸ਼ੀਲ ਗੈਸ ਦੇ ਲੀਕ ਹੋਣ ਕਾਰਨ ਪੁਲਸ ਅਤੇ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਏ। ਹਾਈਵੇਅ ਦੀਆਂ ਦੋਵੇਂ ਲੇਨਾਂ ਨੂੰ ਰੋਕ ਦਿੱਤਾ ਗਿਆ, ਜਿਸ ਕਾਰਨ ਕਈ ਐਂਬੂਲੈਂਸਾਂ ਅਤੇ ਸੈਂਕੜੇ ਵਾਹਨ ਜਾਮ ਵਿੱਚ ਫਸ ਗਏ ਹਨ। ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਆਸ-ਪਾਸ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਹੈ।

ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪਹੁੰਚ ਚੁੱਕੀਆਂ ਹਨ ਅਤੇ ਟੀਮਾਂ ਗੈਸ ਲੀਕ ਨੂੰ ਪੂਰੀ ਤਰ੍ਹਾਂ ਬੰਦ ਕਰਨ ਵਿੱਚ ਜੁਟੀਆਂ ਹੋਈਆਂ ਹਨ। ਰੂਟ ਡਾਇਵਰਸ਼ਨ ਕਾਰਨ ਬਾਰਾਬੰਕੀ ਸ਼ਹਿਰ ਦੇ ਮੁੱਖ ਚੌਕਾਂ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 


author

Inder Prajapati

Content Editor

Related News