ਮਾਨਸੂਨ ਸੈਸ਼ਨ ਦਾ ਆਖਰੀ ਹਫ਼ਤਾ ਹੰਗਾਮੇਦਾਰ ਰਹਿਣ ਦੇ ਆਸਾਰ

Monday, Aug 07, 2023 - 12:12 PM (IST)

ਨਵੀਂ ਦਿੱਲੀ, (ਭਾਸ਼ਾ)– ਲੋਕ ਸਭਾ ’ਚ ਸਰਕਾਰ ਖਿਲਾਫ ਬੇਭਰੋਸਗੀ ਮਤੇ ਅਤੇ ਰਾਜ ਸਭਾ ਵਿਚ ਦਿੱਲੀ ਸੇਵਾ ਬਿੱਲ ’ਤੇ ਅਗਲੇ ਹਫਤੇ ਹੋਣ ਵਾਲੀ ਚਰਚਾ ਨੂੰ ਵੇਖਦਿਆਂ ਸੰਸਦ ਦੇ ਮਾਨਸੂਨ ਸੈਸ਼ਨ ਦਾ ਆਖਰੀ ਹਫ਼ਤਾ ਸੰਭਵ ਤੌਰ ’ਤੇ ਹੰਗਾਮੇਦਾਰ ਰਹੇਗਾ।

ਸੋਮਵਾਰ ਨੂੰ ਸਾਰਿਆਂ ਦੀਆਂ ਨਜ਼ਰਾਂ ਲੋਕ ਸਭਾ ਸਕੱਤਰੇਤ ’ਤੇ ਟਿਕੀ ਰਹਿਣਗੀਆਂ, ਜਦੋਂ ਉਹ (ਸਕੱਤਰੇਤ) ਸੰਭਵ ਤੌਰ ’ਤੇ ‘ਮੋਦੀ ਸਰਨੇਮ’ ਮਾਮਲੇ ਵਿਚ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਦੋਸ਼ਸਿੱਧੀ ’ਤੇ ਸੁਪਰੀਮ ਕੋਰਟ ਦੇ ਸਟੇਅ ਆਰਡਰ ਦੀ ਸਮੀਖਿਆ ਕਰੇਗਾ ਅਤੇ ਉਨ੍ਹਾਂ ਦੀ ਸੰਸਦ ਮੈਂਬਰੀ ਰੱਦ ਕਰਨ ਸਬੰਧੀ ਫੈਸਲਾ ਲਵੇਗਾ।

ਜੇ ਲੋਕ ਸਭਾ ਦੇ ਮੈਂਬਰ ਵਜੋਂ ਗਾਂਧੀ ਨੂੰ ਅਯੋਗ ਠਹਿਰਾਉਣ ਦਾ ਫੈਸਲਾ ਰੱਦ ਕੀਤਾ ਜਾਂਦਾ ਹੈ ਤਾਂ ਕਾਂਗਰਸ ਦੀ ਪਹਿਲ ਹੋਵੇਗੀ ਕਿ ਮੰਗਲਵਾਰ ਨੂੰ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਗਾਂਧੀ ਵਿਰੋਧੀ ਧਿਰ ਵਲੋਂ ਅਹਿਮ ਵਕਤਾ ਦੀ ਭੂਮਿਕਾ ਨਿਭਾਵੇ।

ਉੱਧਰ ਰਾਜ ਸਭਾ ਵਿਚ ਸੋਮਵਾਰ ਨੂੰ ਦਿੱਲੀ ਸੇਵਾ ਬਿੱਲ ਲਿਆਂਦਾ ਜਾਵੇਗਾ। ਲੋਕ ਸਭਾ ਦੀ ਬਿਜ਼ਨੈੱਸ ਐਡਵਾਇਜ਼ਰੀ ਕਮੇਟੀ ਨੇ ਬੇਭਰੋਸਗੀ ਮਤੇ ’ਤੇ ਚਰਚਾ ਲਈ 12 ਘੰਟਿਆਂ ਦਾ ਸਮਾਂ ਅਲਾਟ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਭਵ ਤੌਰ ’ਤੇ ਵੀਰਵਾਰ ਨੂੰ ਆਪਣਾ ਜਵਾਬ ਦੇਣਗੇ।

ਵਿਰੋਧੀ ਧਿਰ ਮਣੀਪੁਰ ’ਚ ਜਾਤੀ ਹਿੰਸਾ ਨੂੰ ਲੈ ਕੇ ਸੰਸਦ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਮੰਗ ਕਰ ਰਹੀ ਹੈ ਅਤੇ ਇਸ ਕਾਰਨ 20 ਜੁਲਾਈ ਤੋਂ ਸ਼ੁਰੂ ਹੋਇਆ ਸੰਸਦ ਦਾ ਮਾਨਸੂਨ ਸੈਸ਼ਨ ਹੰਗਾਮੇਦਾਰ ਰਿਹਾ ਹੈ।

ਵਿਰੋਧੀ ਧਿਰ ਨੇ ਪਿਛਲੇ ਹਫ਼ਤੇ ਲੋਕ ਸਭਾ ਵਿਚ ਆਪਣਾ ਵਿਰੋਧ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ ਤਾਂ ਜੋ ਕੌਮੀ ਰਾਜਧਾਨੀ ਖੇਤਰ ਦਿੱਲੀ, ਸਰਕਾਰ (ਸੋਧ) ਬਿੱਲ ’ਤੇ ਚਰਚਾ ਕੀਤੀ ਜਾ ਸਕੇ। ਇਹ ਬਿੱਲ ਦਿੱਲੀ ਵਿਚ ਨੌਕਰਸ਼ਾਹੀ ਦਾ ਕੰਟਰੋਲ ਚੁਣੀ ਗਈ ਸਰਕਾਰ ਨੂੰ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮਈ ਵਿਚ ਕੇਂਦਰ ਵਲੋਂ ਲਿਆਂਦੇ ਗਏ ਆਰਡੀਨੈਂਸ ਦੀ ਜਗ੍ਹਾ ਲੈਣ ਲਈ ਪੇਸ਼ ਕੀਤਾ ਗਿਆ ਹੈ।


Rakesh

Content Editor

Related News