ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੁਲਦੀਪ ਮਲਿਕ ਦਾ ਹੋਇਆ ਅੰਤਿਮ ਸੰਸਕਾਰ

Wednesday, Aug 21, 2024 - 12:56 PM (IST)

ਜੀਂਦ (ਭਾਸ਼ਾ)- ਜੰਮੂ ਕਸ਼ਮੀਰ ਦੇ ਊਧਮਪੁਰ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਇੰਸਪੈਕਟਰ ਕੁਲਦੀਪ ਮਲਿਕ (54) ਦਾ ਜੀਂਦ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਨਿਡਾਨੀ 'ਚ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਕੁਲਦੀਪ ਦੇ ਪੁੱਤਰ ਨਵੀਨ ਨੇ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ। ਫ਼ੌਜ ਦੇ ਅਧਿਕਾਰੀਆਂ ਨੂੰ ਨਵੀਨ ਨੂੰ ਤਿਰੰਗਾ ਸੌਂਪਿਆ। ਫ਼ੌਜ ਦੀ ਟੁਕੜੀ ਨੇ ਸ਼ਹੀਦ ਨੂੰ ਅੰਤਿਮ ਸਲਾਮੀ ਦਿੱਤੀ ਅਤੇ ਮਾਤਮੀ ਧੁੰਨ ਵਜਾਈ। ਸ਼ਹੀਦ ਕੁਲਦੀਪ ਦੀ ਪਤਨੀ ਨੇ 'ਵੰਦੇ ਮਾਤਰਮ' ਦਾ ਨਾਅਰਾ ਲਗਾ ਕੇ ਆਪਣੇ ਪਤੀ ਨੂੰ ਅੰਤਿਮ ਵਿਦਾਈ ਦਿੱਤੀ। ਨਿਡਾਨੀ ਤੋਂ ਇਲਾਵਾ ਨੇੜੇ-ਤੇੜੇ ਦੇ ਪਿੰਡਾਂ ਤੋਂ ਵੀ ਲੋਕ ਅਤੇ ਹਜ਼ਾਰਾਂ ਨੌਜਵਾਨ ਸ਼ਹੀਦ ਦੀ ਅੰਤਿਮ ਯਾਤਰਾ 'ਚ ਪਹੁੰਚੇ। ਉਨ੍ਹਾਂ ਨੇ ਨਮ ਅੱਖਾਂ ਨਾਲ ਕੁਲਦੀਪ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੇਸ਼ਭਗਤੀ ਦੇ ਨਾਅਰੇ ਲਗਾਏ। 

ਸੋਨੀਪਤ ਤੋਂ ਸੰਸਦ ਮੈਂਬਰ ਸਤਪਾਲ ਬ੍ਰਹਮਾਚਾਰੀ ਅਤੇ ਜੁਲਾਨਾ ਤੋਂ ਵਿਧਾਇਕ ਅਮਰਜੀਤ ਢਾਂਡਾ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜਾ ਅਤੇ ਪੁਲਸ ਸੁਪਰਡੈਂਟ ਸੁਮਿਤ ਕੁਮਾਰ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਗਸ਼ਤੀ ਦਲ 'ਤੇ ਅੱਤਵਾਦੀਆਂ ਦੀ ਗੋਲੀਬਾਰੀ 'ਚ ਸੀ.ਆਰ.ਪੀ.ਐੱਫ. ਦੀ 187ਵੀਂ ਬਟਾਲੀਅਨ ਦੇ ਇੰਸਪੈਕਟਰ ਕੁਲਦੀਪ ਮਲਿਕ ਸ਼ਹੀਦ ਹੋ ਗਏ ਸਨ। ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਮਲਿਕ ਨੂੰ ਗੋਲੀ ਲੱਗੀ ਸੀ ਅਤੇ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਸਾਬਕਾ ਕੌਂਸਲਰ ਅਮਿਤ ਨਿਡਾਨੀ ਨੇ ਦੱਸਿਆ ਕਿ ਪਿੰਡ ਦੇ ਲੋਕ ਟਰੈਕਟਰ ਜੁਲੂਸ ਨਾਲ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਪਿੰਡ ਲੈ ਕੇ ਆਏ। ਅਮਿਤ ਨਿਡਾਨੀ ਨੇ ਦੱਸਿਆ ਸੀ ਕਿ ਮਲਿਕ ਕੁਸ਼ਤੀ ਦੇ ਬਿਹਤਰੀਨ ਖਿਡਾਰੀ ਸਨ। ਉਨ੍ਹਾਂ ਕਿਹਾ ਕਿ ਮਲਿਕ ਖੇਡ ਕੋਟੇ ਤੋਂ ਹੀ 34 ਸਾਲ ਪਹਿਲੇ ਸੀ.ਆਰ.ਪੀ.ਐੱਫ. 'ਚ ਬਤੌਰ ਕਾਂਸਟੇਬਲ ਭਰਤੀ ਹੋਏ ਸਨ। ਉਨ੍ਹਾਂ ਦੱਸਿਆ ਕਿ ਮਲਿਕ ਦਾ ਇਕ ਬੇਟਾ ਫ਼ੌਜ 'ਚ ਅਤੇ ਦੂਜਾ ਬੇਟਾ ਰੇਲਵੇ ਪੁਲਸ 'ਚ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News